ਬਾਬਾ ਖੇਤਰਪਾਲ ਦਰਬਾਰ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ ਬਾਬਾ ਖੇਤਰਪਾਲ ਦਰਬਾਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਦਿਵਾਲੀ ਦਾ ਪਾਵਨ ਤਿਉਹਾਰ
Publish Date: Tue, 10 Nov 2026 07:54 PM (IST)
Updated Date: Tue, 10 Nov 2026 07:57 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਡੀ.ਸੀ. ਚੌਂਕ ਦੇ ਨੇੜੇ ਸਥਿਤ ਪ੍ਰਸਿੱਧ ਬਾਬਾ ਖੇਤਰਪਾਲ ਦਰਬਾਰ ਵਿਖੇ ਦਰਬਾਰ ਦੇ ਗੱਦੀਨਸ਼ੀਨ ਸਾਂਈ ਸੋਨੂੰ ਸ਼ਾਹ ਦੀ ਅਗਵਾਈ ਹੇਠ ਦੀਵਾਲੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਭਗਤੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਂਈ ਸੋਨੂੰ ਸ਼ਾਹ ਨੇ ਦੱਸਿਆ ਕਿ ਦੀਵਾਲੀ ਦੇ ਸ਼ੁਭ ਅਵਸਰ ਤੇ ਦਰਬਾਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਸੁੰਦਰ ਸਜਾਵਟ ਨਾਲ ਸਜਾਇਆ ਗਿਆ ਸੀ, ਜਿਸ ਨਾਲ ਸਮੂਹ ਇਲਾਕਾ ਰੌਸ਼ਨੀ ਨਾਲ ਚਮਕ ਉੱਠਿਆ। ਸਵੇਰ ਤੋਂ ਹੀ ਸ਼ਰਧਾਲੂਆਂ ਦਾ ਦਰਬਾਰ ਵਿਖੇ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਦੂਰ-ਦੁਰਾਡੇ ਇਲਾਕਿਆਂ ਤੋਂ ਆਈ ਸੰਗਤ ਨੇ ਬਾਬਾ ਖੇਤਰਪਾਲ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸਾਂਈ ਸੋਨੂੰ ਸ਼ਾਹ ਨੇ ਸੰਗਤ ਨੂੰ ਦਿਵਾਲੀ ਦੇ ਪਾਵਨ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਤਿਉਹਾਰ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਸੰਗਤ ਨੂੰ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਅਤੇ ਸਮਾਜ ਵਿੱਚ ਸਦਭਾਵਨਾ ਨੂੰ ਪ੍ਰਫੁੱਲਤ ਕਰਨ ਦਾ ਸੱਦਾ ਦਿੱਤਾ । ਸਮਾਗਮ ਦੌਰਾਨ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ਼ਰਧਾਲੂਆਂ ਨੇ ਲੰਗਰ ਛਕ ਕੇ ਪੀਰਾਂ-ਫਕੀਰਾਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਲੰਗਰ ਸੇਵਾ ਵਿੱਚ ਸੇਵਾਦਾਰਾਂ ਨੇ ਪੂਰੇ ਸਮਰਪਣ ਅਤੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਤੇ ਮੰਗਲ ਸਿੰਘ, ਨਰੰਗ ਸਿੰਘ, ਦਵਿੰਦਰ ਸਿੰਘ, ਲਕਛਮਣ ਸਿੰਘ, ਗੁਰਮੀਤ ਸਿੰਘ, ਬਿੰਦਰ ਕੌਰ, ਮਨਜੀਤ ਕੌਰ, ਹਰਸਿਮਰਜੀਤ ਕੌਰ ਅਤੇ ਹੋਰ ਸੰਗਤ ਹਾਜ਼ਰ ਸਨ।