ਆਪ ਤੋਂ ਚਾਰ ਸਾਲਾਂ ’ਚ ਨਹੀ ਬਣ ਸਕੀਆਂ ਫਗਵਾੜਾ ਦੇ ਪਿੰਡਾਂ ਦੀ ਸੜਕਾਂ
ਆਪ ਤੋ ਚਾਰ ਸਾਲਾ ਵਿਚ ਨਹੀ ਬਣ ਸਕੀਆਂ ਫਗਵਾੜਾ ਦੇ ਪਿੰਡਾ ਦੀ ਸੜਕਾਂ
Publish Date: Thu, 19 Feb 2026 08:33 PM (IST)
Updated Date: Thu, 19 Feb 2026 08:36 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਅੰਦਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਲੰਘੇ 70 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੂੰ ਗਲੀਆਂ-ਨਾਲੀਆਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਸਾਡੀ ਸਰਕਾਰ ਆਉਣ ਤੋਂ ਬਾਅਦ ਵਿਕਾਸ ਦੇ ਰਾਹ ਖੋਲ ਦਿਆਂਗੇ ਪਰ ਹਾਲਾਤ ਇਸ ਦੇ ਉਲਟੇ ਹੋ ਗਏ। ਚਾਰ ਸਾਲਾਂ ਵਿਚ ਫਗਵਾੜਾ ਦੇ ਕਿਸੇ ਇਕ ਪਿੰਡ ਦੀ ਵੀ ਕੋਈ ਸੜਕ ਚੰਗੀ ਤਰ੍ਹਾਂ ਨਹੀਂ ਬਣ ਸਕੀ ਤੇ ਨਾ ਹੀ ਉਸਦੀ ਮੁਰੰਮਤ ਹੋ ਸਕੀ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਹਿਣੀ ਤੇ ਕਥਨੀ ਵਿਚ ਬਹੁਤ ਫਰਕ ਹੈ। ਪਿੰਡ ਵਾਸੀ ਇਨ੍ਹਾਂ ਟੋਇਆਂ ਨੂੰ ਪੂਰਨ ਲਈ ਇਟਾਂ ਦੀ ਕੇਰੀ ਮੰਗਵਾ ਕੇ ਆਪ ਭਰਨ ਲਈ ਮਜਬੂਰ ਹਨ ਤਾਂ ਜੋ ਇਨ੍ਹਾਂ ਰਸਤਿਆਂ ਨੂੰ ਦਰੁਸਤ ਕੀਤਾ ਜਾ ਸਕੇ। ਸੂਬਾ ਸਰਕਾਰ ਲਈ ਬਹੁਤ ਜ਼ਰੂਰੀ ਹੈ ਕਿ ਉਹ ਪਿੰਡਾਂ ਦੇ ਵਿਕਾਸ ਵੱਲ ਗੰਭੀਰ ਧਿਆਨ ਦੇਵੇ। ਅੱਜ ਕਈ ਪਿੰਡਾਂ ਦੇ ਹਾਲਾਤ ਬਹੁਤ ਮੰਦੇ ਹੋ ਚੁੱਕੇ ਹਨ। ਟੁੱਟੀਆਂ-ਫੁੱਟੀਆਂ ਸੜਕਾਂ ਕਾਰਨ ਆਵਾਜਾਈ ਵਿਚ ਮੁਸ਼ਕਲਾਂ ਆ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ, ਕਿਸਾਨਾਂ ਤੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿਚ ਇਹ ਸੜਕਾਂ ਚਿੱਕੜ ਨਾਲ ਭਰ ਜਾਂਦੀਆਂ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ ਤੇ ਸਫ਼ਾਈ ਪ੍ਰਬੰਧ ਵੀ ਕਈ ਥਾਵਾਂ ‘ਤੇ ਅਧੂਰੇ ਹਨ। ਪਿੰਡਾਂ ਵਿਚ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਲੋਕਾਂ ਦੀ ਜੀਵਨ-ਸ਼ੈਲੀ ਪ੍ਰਭਾਵਿਤ ਹੋ ਰਹੀ ਹੈ। ਜੇ ਆਮ ਆਦਮੀ ਪਾਰਟੀ ਆਗੂ ਸੜਕਾਂ ਦੀ ਮੁਰੰਮਤ, ਨਵੀਆਂ ਵਿਕਾਸ ਯੋਜਨਾਵਾਂ ਤੇ ਬੁਨਿਆਦੀ ਸਹੂਲਤਾਂ ਦੇ ਸੁਧਾਰ ਵੱਲ ਢੰਗ ਨਾਲ ਕਦਮ ਚੁੱਕੇ, ਤਾਂ ਪਿੰਡਾਂ ਦੀ ਤਸਵੀਰ ਬਦਲ ਸਕਦੀ ਹੈ। ਪਿੰਡਾਂ ਦੀ ਤਰੱਕੀ ਨਾਲ ਹੀ ਰਾਜ ਤੇ ਦੇਸ਼ ਦੀ ਅਸਲ ਤਰੱਕੀ ਸੰਭਵ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਸਰਕਾਰ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਕੇ ਤੁਰੰਤ ਕਾਰਵਾਈ ਕਰੇ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ। ਪਿੰਡ ਖੇੜਾ ਦੇ ਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਸਾਰੇ ਪਿੰਡ ਦੇ ਹਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਪਰ ਸੂਬਾ ਸਰਕਾਰ ਦੇ ਨੁਮਾਇੰਦੇ ਕੋਈ ਧਿਆਨ ਨਹੀ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਖਰਾਬ ਸੜਕਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਬਿਮਾਰ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਣ ਵਿਚ ਦੇਰੀ ਹੁੰਦੀ ਹੈ ਤੇ ਵਿਦਿਆਰਥੀਆਂ ਨੂੰ ਵੀ ਦਿੱਕਤਾਂ ਆਉਂਦੀਆਂ ਹਨ। ਬਰਸਾਤ ਦੇ ਮੌਸਮ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਹਾਲਾਂਕਿ ਸਰਕਾਰ ਵੱਲੋਂ ਕਈ ਯੋਜਨਾਵਾਂ ਅਤੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਬਾਰੇ ਲੋਕਾਂ ਦੀ ਸੰਤੁਸ਼ਟੀ ਮਹੱਤਵਪੂਰਨ ਹੈ। ਪਿੰਡਾਂ ਦੇ ਵਿਕਾਸ ਲਈ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਅਤੇ ਹੋਰ ਬੁਨਿਆਦੀ ਸਹੂਲਤਾਂ ‘ਤੇ ਤੁਰੰਤ ਧਿਆਨ ਦੇਣਾ ਲਾਜ਼ਮੀ ਹੈ।ਪਿੰਡ ਮੌਲੀ ਤੋਂ ਪੰਡਵਾਂ ਜਾਂਦੀ ਸੜਕ ਦੇ ਮੰਦੜੇ ਹਾਲਾਤ ਇਲਾਕੇ ਦੇ ਵਸਨੀਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹ ਸੜਕ ਨਾ ਸਿਰਫ਼ ਰੋਜਾਨਾ ਦੀ ਆਵਾਜਾਈ ਲਈ ਮਹੱਤਵਪੂਰਨ ਹੈ, ਸਗੋਂ ਇਸ ਰਸਤੇ ‘ਤੇ ਕਈ ਵੱਡੇ ਗੁਰੂਘਰ ਸਥਿਤ ਹਨ, ਜਿੱਥੇ ਰੋਜ਼ਾਨਾ ਅਤੇ ਖਾਸ ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।ਪਰ ਨੰਗਲ ਖੇੜਾ ਰੇਲਵੇ ਕਰਾਸਿੰਗ ਹੋਣ ਕਰਕੇ ਜਿਆਦਾ ਇਸਤੇਮਾਲ ਮੌਲੀ ਸੜਕਾ ਦਾ ਹੀ ਹੁੰਦਾ ਹੈ। ਟੁੱਟੀ-ਫੁੱਟੀ ਸੜਕ, ਖੱਡਿਆਂ ਅਤੇ ਮੀਂਹ ਦੇ ਮੌਸਮ ਵਿੱਚ ਪਾਣੀ ਭਰਨ ਕਾਰਨ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਲਈ ਇਹ ਹਾਲਾਤ ਹੋਰ ਵੀ ਮੁਸ਼ਕਲ ਬਣ ਜਾਂਦੇ ਹਨ। ਐਮਰਜੈਂਸੀ ਹਾਲਾਤਾਂ ਵਿੱਚ ਵੀ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚਾਰ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਜੇਕਰ ਇਹ ਅਹਿਮ ਸੜਕ ਤਿਆਰ ਨਹੀਂ ਹੋ ਸਕੀ, ਤਾਂ ਇਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਦਾ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਅਤੇ ਨਵੀਂ ਕਰਵਾਈ ਜਾਵੇ, ਤਾਂ ਜੋ ਸੰਗਤ ਅਤੇ ਆਮ ਜਨਤਾ ਨੂੰ ਸਹੂਲਤ ਮਿਲ ਸਕੇ। ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੇ ਅਤੇ ਬੁਨਿਆਦੀ ਸਹੂਲਤਾਂ ਸੁਧਾਰੀਆਂ ਜਾ ਸਕਣ।