- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਿਆ ਬਿਆਸ ਦੇ ਤੇਵਰਾਂ ਨੇ ਵਧਾਈ ਮੰਡ ਵਾਸੀਆਂ ਦੀ ਧੜਕਣ,ਬੰਨ ਨੂੰ ਬਚਾਉਣ ਲਈ ਪਿੰਡ ਵਾਸੀਆਂ ਨੇ ਖੁਦ ਸੰਭਾਲਿਆ ਮੋਰਚਾ

ਬੰਨ੍ਹ ਬਚਾਉਣ ਲਈ ਪਿੰਡ ਵਾਸੀਆਂ ਨੇ ਖੁਦ ਸੰਭਾਲਿਆ ਮੋਰਚਾ
ਪਿਛਲੇ ਤਬਾਹੀ ਤੋਂ ਸਿੱਖਿਆ ਸਬਕ, ਇਸ ਵਾਰ ਪਹਿਲਾਂ ਹੀ ਤਿਆਰੀਆਂ ਕੀਤੀਆਂ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਦਰਿਆ ਬਿਆਸ ਦੇ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਇੱਕ ਵਾਰ ਫਿਰ ਮੰਡ ਖੇਤਰ ਦੇ ਕਿਸਾਨਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਪਿੰਡ ਆਹਲੀ ਕਲਾਂ ਤੇ ਆਹਲੀ ਖੁਰਦ ਦੇ ਆਰਜ਼ੀ ਸੁਰੱਖਿਆ ਬੰਨ੍ਹ ਨੂੰ ਮੁੜ ਢਾਹ ਲੱਗਣ ਦੇ ਖ਼ਤਰੇ ਨੂੰ ਦੇਖਦਿਆਂ ਇਸ ਵਾਰ ਪਿੰਡ ਵਾਸੀਆਂ ਨੇ ਸਰਕਾਰੀ ਮਦਦ ਦੀ ਉਡੀਕ ਕਰਨ ਦੀ ਬਜਾਏ ਖੁਦ ਹੀ ਮੋਰਚਾ ਸੰਭਾਲ ਲਿਆ ਹੈ। ਹੜ੍ਹ ਰੋਕੋ ਪ੍ਰਬੰਧਕ ਕਮੇਟੀ ਆਹਲੀ ਕਲਾਂ ਦੀ ਅਗਵਾਈ ਹੇਠ ਕਿਸਾਨਾਂ, ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਬੰਨ੍ਹ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਦੇ ਹੜ੍ਹ ਨੇ ਮੰਡ ਖੇਤਰ ਦੇ ਲੋਕਾਂ ਨੂੰ ਅਜਿਹਾ ਜ਼ਖ਼ਮ ਦਿੱਤਾ ਸੀ ਜੋ ਅੱਜ ਤੱਕ ਨਹੀਂ ਭਰਿਆ। ਸਾਲ 2025 ਵਿੱਚ ਇਸੇ ਥਾਂ ਬੰਨ੍ਹ ਨੂੰ ਲੱਗੀ ਢਾਹ ਕਾਰਨ ਹੜ੍ਹ ਦਾ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਨਾਲ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਈਆਂ ਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਸ ਕਰਕੇ ਇਸ ਵਾਰ ਖ਼ਤਰੇ ਦੇ ਮੁੱਢਲੇ ਸੰਕੇਤ ਮਿਲਦੇ ਹੀ ਪਿੰਡ ਵਾਸੀ ਪੂਰੀ ਤਰ੍ਹਾਂ ਚੌਕਸ ਹੋ ਗਏ ਹਨ। ਸਰਪੰਚ ਸ਼ਮਿੰਦਰ ਸਿੰਘ ਸੰਧੂ ਤੇ ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਦੇ ਹੈੱਡ ਗ੍ਰੰਥੀ ਭਾਈ ਗੁਰਜੀਤ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪੀਰ ਖਵਾਜ਼ਾ ਜੀ ਦਾ ਵੀ ਸਿਮਰਨ ਕੀਤਾ ਗਿਆ ਤੇ ਪ੍ਰਸਾਦ ਦਾ ਭੋਗ ਲਗਾ ਕੇ ਦਰਿਆ ਨੂੰ ਭੇਟ ਕੀਤਾ ਗਿਆ। ਸਮੂਹ ਸੰਗਤ ਨੇ ਵਾਹਿਗੁਰੂ ਅੱਗੇ ਇਲਾਕੇ ਦੀਆਂ ਫਸਲਾਂ, ਪਸ਼ੂ-ਧਨ ਤੇ ਜਾਨ-ਮਾਲ ਦੀ ਰਾਖੀ ਲਈ ਅਰਦਾਸ ਕੀਤੀ।
ਅਰਦਾਸ ਉਪਰੰਤ ਬੰਨ੍ਹ ਦੇ ਕਮਜ਼ੋਰ ਹਿੱਸਿਆਂ 'ਤੇ ਮਿੱਟੀ ਦੀਆਂ ਬੋਰੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਪ੍ਰਵਾਸੀ ਮਜ਼ਦੂਰਾਂ ਤੇ ਪਿੰਡ ਵਾਸੀਆਂ ਦੀ ਸਾਂਝੀ ਮਿਹਨਤ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਪਹਿਲਾਂ ਹੀ ਟਾਲਿਆ ਜਾ ਸਕੇ। ਸਰਪੰਚ ਸ਼ਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਨਹੀਂ ਪੁੱਜਿਆ, ਪਰ ਹਾਲਾਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਜੇਕਰ ਪਹਾੜੀ ਤੇ ਮੈਦਾਨੀ ਖੇਤਰਾਂ ਵਿੱਚ ਹੋਰ ਭਾਰੀ ਬਰਸਾਤ ਹੋਈ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਇਸ ਲਈ ਬੰਨ੍ਹ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀਆਂ ਨੂੰ ਵੀ ਹਰ ਵੇਲੇ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਬੰਨ੍ਹ ਨਾਲ ਲੱਗਦੀ ਹੈ, ਉਨ੍ਹਾਂ ਕੋਲੋਂ ਪ੍ਰਤੀ ਏਕੜ 500 ਰੁਪਏ ਦੇ ਹਿਸਾਬ ਨਾਲ ਸੇਵਾ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ। ਇਸ ਰਾਸ਼ੀ ਨਾਲ ਮਿੱਟੀ ਦੀਆਂ ਬੋਰੀਆਂ, ਕਰੇਟ ਤੇ ਹੋਰ ਲੋੜੀਂਦਾ ਸਮਾਨ ਖਰੀਦ ਕੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਇਕੱਲਾ ਕੁਝ ਨਹੀਂ ਕਰ ਸਕਦਾ, ਪਰ ਜਦੋਂ ਪੂਰਾ ਪਿੰਡ ਇੱਕ ਹੋ ਜਾਵੇ ਤਾਂ ਵੱਡੀ ਤੋਂ ਵੱਡੀ ਆਫ਼ਤ ਦਾ ਵੀ ਡਟ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਸਾਲ ਐੱਨਆਰਆਈ ਵੀਰਾਂ, ਸਮਾਜ ਸੇਵੀਆਂ, ਧਾਰਮਿਕ ਜਥੇਬੰਦੀਆਂ ਤੇ ਦਾਨੀ ਸੱਜਣਾਂ ਨੇ ਬੰਨ੍ਹ ਨੂੰ ਬਚਾਉਣ ਲਈ ਰਿਕਾਰਡ ਤੋੜ ਸਹਿਯੋਗ ਦਿੱਤਾ ਸੀ, ਜਿਸ ਨੂੰ ਪਿੰਡ ਵਾਸੀ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਇਸ ਵਾਰ ਵੀ ਸੇਵਾ ਦੀ ਭਾਵਨਾ ਨਾਲ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਰਣਜੀਤ ਸਿੰਘ (ਪ੍ਰਧਾਨ ਗੁਰਦੁਆਰਾ ਕਮੇਟੀ), ਬਲਵਿੰਦਰ ਸਿੰਘ ਬਿੱਲੂ, ਸੁਖਚੈਨ ਸਿੰਘ (ਲੰਗਰ ਇੰਚਾਰਜ), ਨਿਰਵੈਰ ਸਿੰਘ ਸੰਧੂ, ਤਰਲੋਚਨ ਸਿੰਘ ਉੱਪਲ, ਗੁਰਸੇਵ ਸਿੰਘ ਆਹਲੀ ਖੁਰਦ, ਸੰਤੋਖ ਸਿੰਘ, ਠੇਕੇਦਾਰ ਹਰੀ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।