ਪਿੰਡਾਂ ’ਚ ਅਲੋਪ ਹੋਏ ਪੰਛੀਆਂ ਦੀ ਹੋਈ ਮੁੜ ਵਾਪਸੀ ਪਿੰਡਾਂ ਵਿੱਚ ਲੰਬੇ ਸਮੇਂ ਬਾਅਦ ਅਲੋਪ ਹੋਏ ਪੰਛੀਆਂ ਦੀ ਮੁੜ ਵਾਪਸੀ
Publish Date: Tue, 17 Nov 2026 06:58 PM (IST)
Updated Date: Tue, 17 Nov 2026 07:00 PM (IST)
ਪੰਜਾਬੀ ਜਾਗਰਣ ਪ੍ਰਤੀਨਿਦ ਫਗਵਾੜਾ : ਫਗਵਾੜਾ ਦੇ ਪਿੰਡਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਘੱਟ ਦਿਖਾਈ ਦੇਣ ਵਾਲੇ ਪੰਛੀਆਂ ਦੀ ਮੁੜ ਵਾਪਸੀ ਨਾਲ ਕੁਦਰਤੀ ਵਾਤਾਵਰਣ ਵਿੱਚ ਨਵੀਂ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕਈ ਪਿੰਡਾਂ ਵਿੱਚ ਸਵੇਰ ਸਮੇਂ ਪੰਛੀਆਂ ਦੀ ਚਹਿਚਕਾਹਟ ਮੁੜ ਸੁਣਾਈ ਦੇਣ ਲੱਗੀ ਹੈ, ਜਿਸ ਨਾਲ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ। ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਘਰਾਂ ਦੀਆਂ ਛੱਤਾਂ, ਦਰੱਖਤਾਂ, ਖੇਤਾਂ ਤੇ ਬਾਗਾਂ ਵਿੱਚ ਵੱਖ-ਵੱਖ ਕਿਸਮਾਂ ਦੇ ਪੰਛੀਆਂ ਦੀ ਭਰਮਾਰ ਹੁੰਦੀ ਸੀ। ਸਵੇਰ ਹੁੰਦਿਆਂ ਹੀ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਨਾਲ ਪਿੰਡਾਂ ਦੀ ਸ਼ੁਰੂਆਤ ਹੁੰਦੀ ਸੀ, ਪਰ ਸਮੇਂ ਦੇ ਨਾਲ ਦਰੱਖਤਾਂ ਦੀ ਕਟਾਈ, ਵਧਦੀ ਉਸਾਰੀ, ਪ੍ਰਦੂਸ਼ਣ ਤੇ ਕੁਦਰਤੀ ਰਹਿਣ-ਸਹਿਣ ਵਾਲੀਆਂ ਥਾਵਾਂ ਘਟਣ ਕਾਰਨ ਕਈ ਪੰਛੀਆਂ ਦੀ ਗਿਣਤੀ ਵਿੱਚ ਕਮੀ ਮਹਿਸੂਸ ਕੀਤੀ ਜਾਣ ਲੱਗੀ ਸੀ। ਹੁਣ ਮੁੜ ਕਈ ਇਲਾਕਿਆਂ ਵਿੱਚ ਪੰਛੀਆਂ ਦੀ ਆਮਦ ਦੇਖਣ ਤੇ ਉਨ੍ਹਾਂ ਦੀ ਚਹਿਚਹਾਟ ਸੁਣਨ ਨੂੰ ਮਿਲ ਰਹੀ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਪਿੰਡਾਂ ਵਿੱਚ ਅਜਿਹਾ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਵਾਤਾਵਰਣ ਪ੍ਰੇਮੀਆਂ ਦਾ ਮੰਨਣਾ ਹੈ ਕਿ ਪੰਛੀਆਂ ਦੀ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ, ਪਾਣੀ ਦੇ ਕਟੋਰੇ ਰੱਖਣੇ ਤੇ ਉਨ੍ਹਾਂ ਦੇ ਆਲ੍ਹਣਿਆਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਪੰਛੀ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਿੰਡਾਂ ਵਿੱਚ ਮੁੜ ਸੁਣਾਈ ਦੇਣ ਲੱਗੀ ਪੰਛੀਆਂ ਦੀ ਚਹਿਚਹਾਟ ਕੁਦਰਤ ਨਾਲ ਮਨੁੱਖ ਦੇ ਰਿਸ਼ਤੇ ਦੀ ਯਾਦ ਦਿਵਾਉਂਦੀ ਹੈ।