ਔਰਤਾਂ ਦਾ ਸਤਿਕਾਰ ਹੀ ਕੰਜਕ ਪੂਜਾ ਦਾ ਸਹੀ ਤਰੀਕਾ : ਕਾਲੀਆ ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ : ਓਂਕਾਰ ਕਾਲੀਆ
Publish Date: Mon, 19 Oct 2026 08:05 PM (IST)
Updated Date: Mon, 19 Oct 2026 08:06 PM (IST)
--ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਸ਼ਿਵ ਸੈਨਾ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਆਪਣੀ ਪਤਨੀ ਨੀਲਮ ਕਾਲੀਆ ਨਾਲ ਆਪਣੇ ਘਰ ਵਿਖੇ ਕੰਜਕਾਂ ਦੇ ਰੂਪ ਵਿੱਚ ਕੁੜੀਆਂ ਦੀ ਪੂਜਾ ਕੀਤੀ ਤੇ ਦੇਸ਼, ਰਾਜ ਤੇ ਹਲਕੇ ਦੇ ਲੋਕਾਂ ਲਈ ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਕਾਲੀਆ ਨੇ ਕਿਹਾ ਕਿ ਨਰਾਤਿਆਂ ਦੇ ਦਿਨਾਂ ਵਿੱਚ ਛੋਟੀਆਂ ਕੰਨਿਆਵਾਂ (ਕੰਜਕਾਂ) ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ, ਪਰ ਇਸ ਪੂਜਾ ਦੀ ਅਸਲ ਸਾਰਥਕਤਾ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਉਹ ਸਨਮਾਨ ਤੇ ਸੁਰੱਖਿਆ ਨਹੀਂ ਦਿੰਦੇ, ਜਿਸ ਦੀਆਂ ਉਹ ਹੱਕਦਾਰ ਹਨ। ਕਾਲੀਆ ਨੇ ਕਿਹਾ ਕਿ ਨਰਾਤਿਆਂ ਵਿੱਚ ਇੱਕ ਦਿਨ ਕੰਜਕਾਂ ਦੇ ਪੈਰ ਧੋਣੇ ਤੇ ਉਨ੍ਹਾਂ ਨੂੰ ਪ੍ਰਸ਼ਾਦ ਖੁਆਉਣਾ ਚੰਗੀ ਗੱਲ ਹੈ, ਪਰ ਬਾਕੀ ਦੇ 364 ਦਿਨ ਘਰ ਤੇ ਸਮਾਜ ਵਿੱਚ ਔਰਤਾਂ ਨਾਲ ਮਾੜਾ ਵਿਵਹਾਰ ਕਰਨਾ ਇਸ ਪੂਜਾ ਦੇ ਸੰਕਲਪ ਨੂੰ ਨਕਾਰਦਾ ਹੈ। ਸੱਚੀ ਪੂਜਾ ਉਹੀ ਹੈ ਜੋ ਹਰ ਰੋਜ਼, ਹਰ ਔਰਤ (ਮਾਂ, ਭੈਣ, ਪਤਨੀ, ਧੀ ਤੇ ਬਾਹਰ ਮਿਲਣ ਵਾਲੀ ਹਰ ਮਹਿਲਾ) ਦੇ ਸਤਿਕਾਰ ਵਜੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕੰਜਕ ਪੂਜਾ ਦਾ ਅਸਲ ਮਨੋਰਥ ਧੀਆਂ ਨੂੰ ਦੇਵੀ ਸਮਾਨ ਸ਼ਕਤੀਸ਼ਾਲੀ ਬਣਾਉਣਾ ਹੈ। ਇਹ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਉਨ੍ਹਾਂ ਨੂੰ ਉੱਚੀ ਸਿੱਖਿਆ ਤੇ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਦੇਵਾਂਗੇ। ਲੜਕੇ ਤੇ ਲੜਕੀ ਵਿੱਚ ਫਰਕ ਨਾ ਕਰਨਾ ਹੀ ਸਭ ਤੋਂ ਵੱਡੀ ਪੂਜਾ ਹੈ। ਔਰਤਾਂ ਨੂੰ ਦੇਵੀ ਮੰਨਣ ਦਾ ਮਤਲਬ ਹੈ ਕਿ ਅਸੀਂ ਸਮਾਜ ਵਿੱਚ ਅਜਿਹਾ ਮਾਹੌਲ ਬਣਾਈਏ, ਜਿੱਥੇ ਕੋਈ ਵੀ ਔਰਤ ਬਾਹਰ ਨਿਕਲਣ ਵੇਲੇ ਡਰ ਮਹਿਸੂਸ ਨਾ ਕਰੇ। ਹਰ ਵਿਅਕਤੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਏ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਘਰ ਵਿੱਚ ਔਰਤਾਂ ਦਾ ਅਪਮਾਨ ਹੁੰਦਾ ਹੈ ਜਾਂ ਉਨ੍ਹਾਂ ਤੇ ਹੱਥ ਉਠਾਇਆ ਜਾਂਦਾ ਹੈ, ਉੱਥੇ ਕੀਤੀ ਗਈ ਕੋਈ ਵੀ ਪੂਜਾ ਸਫਲ ਨਹੀਂ ਮੰਨੀ ਜਾਂਦੀ।