ਕਾਂਗਰਸ ਦੀ ਰੈਲੀ ਸਿੱਖ ਭਾਵਨਾਵਾਂ ਨਾਲ ਸਿੱਧਾ ਖਿਲਵਾੜ : ਲੁਬਾਣਾ ਕਾਂਗਰਸ ਪਾਰਟੀ ਵੱਲੋਂ 1 ਨਵੰਬਰ ਨੂੰ ਦਿੱਲੀ ਵਿਚ ਕੀਤੀ ਗਈ ਰੈਲੀ ਸਿੱਖ ਭਾਵਨਾਵਾਂ ਨਾਲ ਸਿੱਧਾ ਖਿਲਵਾੜ : ਲੁਬਾਣਾ
Publish Date: Mon, 02 Nov 2026 08:19 PM (IST)
Updated Date: Mon, 02 Nov 2026 08:20 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਾਂਗਰਸ ਪਾਰਟੀ ਵੱਲੋਂ 1 ਨਵੰਬਰ ਨੂੰ ਦਿੱਲੀ ਵਿਖੇ ਕੀਤੀ ਗਈ ਰੈਲੀ ਨੂੰ ਲੈ ਕੇ ਬੇਹੱਦ ਤਿੱਖਾ ਤੇ ਭਾਵਨਾਤਮਕ ਪ੍ਰਤੀਕਰਮ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ 1 ਨਵੰਬਰ ਦਾ ਦਿਨ ਸਿੱਖ ਕੌਮ ਲਈ ਕੋਈ ਆਮ ਦਿਨ ਨਹੀਂ, ਸਗੋਂ ਇਹ ਉਹ ਕਾਲਾ ਦਿਨ ਹੈ, ਜਦੋਂ ਦਿੱਲੀ ਦੀਆਂ ਸੜਕਾਂ ’ਤੇ ਬੇਦੋਸ਼ੇ ਸਿੱਖਾਂ ਨੂੰ ਗਲ਼ਾਂ ਵਿਚ ਬਲਦੇ ਟਾਇਰ ਪਾ ਕੇ ਸਾੜਿਆ ਗਿਆ ਸੀ, ਮਾਵਾਂ ਦੀਆਂ ਗੋਦੀਆਂ ਵਿਚੋਂ ਬੱਚੇ ਖੋਹ ਲਏ ਗਏ ਸਨ ਤੇ ਹਜ਼ਾਰਾਂ ਧੀਆਂ-ਭੈਣਾਂ ਦੀ ਇੱਜ਼ਤ ਤਾਰ-ਤਾਰ ਕੀਤੀ ਗਈ ਸੀ। ਲੁਬਾਣਾ ਨੇ ਭਾਵੁਕ ਹੁੰਦਿਆਂ ਆਖਿਆ ਕਿ ਉਸ ਕਹਿਰ ਭਰੇ ਦੌਰ ਨੂੰ ਲੰਘੇ ਦਹਾਕੇ ਬੀਤ ਚੁੱਕੇ ਹਨ, ਪਰ ਪੀੜਤ ਪਰਿਵਾਰਾਂ ਦੇ ਸੀਨੇ ਵਿਚ ਅੱਜ ਵੀ ਉਹ ਅੱਗ ਬਲ ਰਹੀ ਹੈ। ਅਜਿਹੇ ਸੰਵੇਦਨਸ਼ੀਲ ਤੇ ਖੂਨੀ ਦਿਹਾੜੇ ’ਤੇ ਉਸੇ ਕਾਂਗਰਸ ਪਾਰਟੀ ਵੱਲੋਂ ਦਿੱਲੀ ਵਿਚ ਵੱਡੇ ਪੱਧਰ ’ਤੇ ਇਕੱਠ ਜਾਂ ਮੀਟਿੰਗ ਕਰਨਾ, ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਆਪਣੀਆਂ ਸਰਕਾਰਾਂ ਹੁੰਦਿਆਂ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਏ ਹਮੇਸ਼ਾ ਕਥਿਤ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕੀਤਾ, ਅੱਜ ਵੀ ਉਸੇ ਪਾਰਟੀ ਵੱਲੋਂ ਉਹੀ ਸਿੱਖ ਵਿਰੋਧੀ ਕੰਮ ਕੀਤੇ ਜਾ ਰਹੇ ਹਨ। ਇਹ ਰੈਲੀ ਸਾਫ਼ ਸਾਬਤ ਕਰਦੀ ਹੈ ਕਿ ਕਾਂਗਰਸ ਦੀ ਸੋਚ ਵਿਚ ਅੱਜ ਤੱਕ ਕੋਈ ਬਦਲਾਅ ਨਹੀਂ ਆਇਆ, ਜਿਸ ਪਾਰਟੀ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਘਰ ਉਜਾੜ ਦਿੱਤੇ ਗਏ ਹੋਣ, ਉਸ ਵੱਲੋਂ 1 ਨਵੰਬਰ ਵਰਗੀ ਮਿਤੀ ਨੂੰ ਸਿਆਸੀ ਇਕੱਠ ਲਈ ਚੁਣਨਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਸਿੱਖਾਂ ਦੇ ਦਰਦ ਨਾਲ ਕੋਈ ਮਤਲਬ ਨਹੀਂ ਹੈ। ਇਹ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਫਿਰ ਤੋਂ ਹਰਾ ਕਰਨ ਦੀ ਇੱਕ ਭਿਆਨਕ ਸਾਜ਼ਿਸ਼ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਸਿਆਸੀ ਫ਼ਾਇਦਿਆਂ ਲਈ ਕੌਮੀ ਭਾਵਨਾਵਾਂ ਤੇ ਇਤਿਹਾਸਕ ਦਰਦ ਨਾਲ ਖਿਲਵਾੜ ਕਰਨ ਦੀ ਇਹ ਮਾਨਸਿਕਤਾ ਬਰਦਾਸ਼ਤਯੋਗ ਨਹੀਂ ਹੈ। ਲੁਬਾਣਾ ਨੇ ਦੇਸ਼ ਤੇ ਪੰਜਾਬ ਦੇ ਸਮੂਹ ਇਨਸਾਫ਼ ਪਸੰਦ ਲੋਕਾਂ, ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਸਿੱਖ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਦੀਆਂ ਇਨ੍ਹਾਂ ਘਿਨਾਉਣੀਆਂ ਚਾਲਾਂ, ਬੇਸ਼ਰਮੀ ਤੇ ਸਿੱਖ ਵਿਰੋਧੀ ਸੋਚ ਦੀ ਡੱਟ ਕੇ ਨਿਖੇਧੀ ਕਰਨ, ਤਾਂ ਜੋ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲੱਗ ਸਕੇ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਰਹਿ ਸਕੇ।