ਲੋਕ ਹਿਤੈਸ਼ੀ ਕਾਫ਼ਲਾ ਨੇ ਸਾਮਰਾਜ ਵਿਰੋਧੀ ਦਿਵਸ ਮਨਾਇਆ
ਲੋਕ ਹਿਤੈਸ਼ੀ ਕਾਫ਼ਲਾ ਨੇ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ*
Publish Date: Tue, 24 Mar 2026 09:56 PM (IST)
Updated Date: Tue, 24 Mar 2026 09:58 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫ਼ਗਵਾੜਾ : ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਵੱਲ਼ੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਰਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਕਾਰਜਾਂ, ਵਿਚਾਰਾਂ ਤੇ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਵਜੋਂ ਟਾਊਨ ਹਾਲ ਫ਼ਗਵਾੜਾ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਲੋਕਾਂ ਦੇ ਇਕੱਠ ਨੂੰ ਲੋਕ ਹਿਤੈਸ਼ੀ ਕਾਫ਼ਲਾ ਦੇ ਕਮੇਟੀ ਮੈਂਬਰ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਗੁਰਮੁਖ ਲੋਕ ਪ੍ਰੇਮੀ, ਕੁਲਦੀਪ ਸਿੰਘ ਕੌੜਾ, ਰਵਿੰਦਰ ਸਿੰਘ ਚੋਟ, ਹਰਚਰਨ ਭਾਰਤੀ, ਬਲਬੀਰ ਦੋਸਾਂਝ, ਘਨਸ਼ਾਮ, ਪਰਮਿੰਦਰ ਪਾਲ ਸਿੰਘ, ਗਿਆਨ ਚੰਦ ਨਈਅਰ, ਐੱਸਐੱਲ ਵਿਰਦੀ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਸੁਰਿੰਦਰਪਾਲ, ਵਿਦਿਆਰਥੀ ਆਗੂ ਮਨਪ੍ਰੀਤ ਕੌਰ ਤੇ ਕਰਨੈਲ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜੋ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਲਾਇਆ ਸੀ, ਉਹ ਉਨ੍ਹਾਂ ਦੀ ਸ਼ਹਾਦਤ ਦੇ 95 ਸਾਲਾਂ ਦੇ ਬਾਅਦ ਵੀ ਅਤਿ ਮਹੱਤਵਪੂਰਨ ਤੇ ਸਾਰਥਕ ਹੈ। ਮੌਜੂਦਾ ਦੌਰ ਵਿਚ ਸਾਮਰਾਜਵਾਦ ਪੱਖੀ ਨੀਤੀਆਂ ਤੇ ਚੱਲਦੇ ਹੋਏ ਹਕੂਮਤ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਏ ਗਏ ਸੁਪਨਿਆਂ ਅਨੁਸਾਰ ਮਿਹਨਤਕਸ਼ ਲੋਕਾਂ ਦੀਆਂ ਜਿਊਣ ਹਾਲਤਾਂ ਨੂੰ ਬੇਹਤਰ ਤੇ ਬਰਾਬਰੀ ਵਾਲੀਆਂ ਬਨਾਉਣ ਲਈ ਕੋਈ ਵੀ ਉਪਰਾਲੇ ਕਰਨ ਦੀ ਬਜਾਏ ਦੇਸ਼ ਨੂੰ ਬੇਰੁਜ਼ਗਾਰੀ, ਮਹਿੰਗਾਈ, ਮਨੁੱਖੀ ਅਪਮਾਨ, ਨਸ਼ਿਆਂ, ਜਾਤਪਾਤ, ਕਰਜ਼ਾ ਜਾਲ ਤੇ ਫਿਰਕਾਪ੍ਰਸਤੀ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ। ਭਾਰਤੀ ਰਾਜ ਪ੍ਰਬੰਧ ਵੱਲੋਂ ਸਾਮਰਾਜਵਾਦ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਮਜ਼ਦੂਰਾਂ ਪੱਖੀ ਚੁਤਾਲੀ ਕਿਰਤ ਕਾਨੂੰਨਾਂ ਵਿਚ ਸਾਮਰਾਜ ਪੱਖੀ ਸੋਧਾਂ ਕਰਕੇ ਚਾਰ ਕਿਰਤ ਕੋਡਾਂ ਵਿਚ ਬਦਲ ਕੇ, ਮਜ਼ਦੂਰਾਂ ਦੀ ਦਿਹਾੜੀ ਦੇ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਕੇ ਮਜ਼ਦੂਰਾਂ ਨੂੰ 1886 ਤੋਂ ਪਹਿਲਾਂ ਵਾਲੇ ਹਨੇਰੇ ਵੱਲ ਧਕਿਆ ਜਾ ਰਿਹਾ ਹੈ। ਮਜ਼ਦੂਰਾਂ ਤੋਂ ਜਥੇਬੰਦੀ ਬਣਾਉਣ ਤੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਸੰਘਰਸ਼ ਤੇ ਹੜਤਾਲ ਕਰਨ ਦੇ ਅਧਿਕਾਰ ਖੋਹ ਲਏ ਗਏ ਹਨ। ਸਾਮਰਾਜਵਾਦ ਤੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਲਾਭ ਦੇਣ ਤੇ ਕਿਰਤੀ ਵਰਗ ਨੂੰ ਬੰਧੂਆ ਮਜ਼ਦੂਰ ਬਣਾਉਣ ਵੱਲ ਤੇਜ਼ੀ ਨਾਲ ਵਧਿਆ ਜਾ ਰਿਹਾ ਹੈ। ਜੋ ਲੋਕ ਕਿਰਤੀਆਂ, ਕਿਸਾਨਾਂ, ਦੱਬੇ ਕੁੱਚਲੇ ਦਲਿਤਾਂ, ਆਦਿ ਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੀ ਆਵਾਜ਼ ਉਠਾ ਰਹੇ ਹਨ, ਸਾਮਰਾਜੀਆਂ ਦੀ ਸੇਵਾ ’ਚ ਭੁਗਤਦੇ ਮੌਜੂਦਾ ਹਾਕਮਾਂ ਵੱਲੋਂ ਪੁਲਿਸ ਤੇ ਨੀਮ ਫੌਜੀ ਤਾਕਤ ਦੇ ਜ਼ੋਰ ਨਾਲ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਤੇ ਜੇਲ੍ਹਾਂ ਚ ਸੁੱਟ ਕੇ ਖਪਾਇਆ ਜਾ ਰਿਹਾ ਹੈ। ਸਮੂਹ ਬੁਲਾਰਿਆਂ ਨੇ ਸਮਰਾਜੀ ਦੇਸ਼ਾਂ ਵੱਲੋਂ ਵਿੱਢੀ ਨਿੱਹਕੀ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਸਮਾਗਮ ਵਿਚ ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਲਖਵੀਰ ਕੌਰ ਸਾਥੀਆਂ ਸਮੇਤ ਸ਼ਾਮਲ ਹੋਈ ਤੇ ਵੱਡੀ ਗਿਣਤੀ ਵਿਚ ਹੋਰ ਔਰਤਾਂ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਬੁੱਧੀਜੀਵੀ ਵੱਡੀ ਗਿਣਤੀ ’ਚ ਸ਼ਾਮਲ ਸਨ। ਇਹ ਜਾਣਕਾਰੀ ਲੋਕ ਹਿਤੈਸ਼ੀ ਕਾਫਲਾ ਦੀ ਤਰਫ਼ੋਂ ਕਮੇਟੀ ਮੈਂਬਰ ਸੁਖਦੇਵ ਸਿੰਘ ਨੇ ਸਾਂਝੀ ਕੀਤੀ।