- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਗਮਪੁਰਾ ਏਡ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਬਿਨ੍ਹਾਂ ਭੇਦਭਾਵ ਹਰ ਸੰਭਵ ਸੇਵਾ ਸਹਾਇਤਾ ਕਰਨਾ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਬੇਗਮਪੁਰਾ ਏਡ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜਾਤੀ ਧਰਮ ਦੇ ਭੇਦਭਾਵ ਤੋਂ ਬਿਨਾਂ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਨੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਨੇ ਭਾਰਤ ਬਰਾਂਚ ਦੇ ਮੁੱਖ ਦਫ਼ਤਰ ਸ਼ਾਮ ਨਗਰ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਦੱਸਿਆ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਦੀਆਂ ਬ੍ਰਾਂਚਾਂ ਭਾਰਤ ਤੋਂ ਇਲਾਵਾ ਫਰਾਂਸ, ਜਰਮਨ, ਬੈਲਜੀਅਮ, ਸਪੇਨ, ਇਟਲੀ ਤੋਂ ਇਲਾਵਾ ਅਮਰੀਕਾ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ। ਮੈਂਗੜਾ ਨੇ ਕਿਹਾ ਕਿ ਰੂਸ ਨਾਲ ਜੰਗ ਕਰ ਰਹੇ ਯੁਕਰੇਨ ਵਿਖੇ ਪਹੁੰਚ ਕੇ ਲੋੜਵੰਦਾਂ ਲਈ ਲੰਗਰ ਦੀ ਵਿਵਸਥਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਵੱਲੋਂ ਕੀਤੀ ਗਈ ਸੀ, ਉਪਰੰਤ ਜਦੋਂ ਪਾਕਿਸਤਾਨ ਵਿੱਚ ਹੜ੍ਹ ਆਏ ਸਨ ਤਾਂ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਨੇ ਉੱਥੇ ਪੁੱਜ ਕੇ ਲੋੜਵੰਦਾਂ ਨੂੰ ਰਾਹਤ ਦੇਣ ਦਾ ਹਰ ਸੰਭਵ ਯਤਨ ਕੀਤਾ ਸੀ। ਇਸੇ ਤਰ੍ਹਾਂ ਤੁਰਕੀ ਵਿੱਚ ਆਏ ਭਿਆਨਕ ਭੁਚਾਲ ਸਮੇਂ ਉੱਥੇ ਪਹੁੰਚ ਕੇ ਵੀ ਸੇਵਾ ਕਾਰਜ ਕਰਦੇ ਹੋਏ ਪੀੜ੍ਹਤਾਂ ਨੂੰ ਰਾਹਤ ਪਹੁੰਚਾਈ। ਥਾਈਲੈਂਡ, ਸਪੇਨ ਤੇ ਭਾਰਤ ਦੇ ਉੜੀਸਾ ਵਿੱਚ ਹੜ੍ਹਾਂ ਦੌਰਾਨ ਹਰ ਸੰਭਵ ਮਦਦ ਦੇਣ ਦਾ ਉਪਰਾਲਾ ਕੀਤਾ ਗਿਆ ਸੀ। ਮੈਂਗੜਾ ਨੇ ਦੱਸਿਆ ਕਿ ਉੜੀਸਾ ਦੇ 30 ਪਿੰਡਾਂ ‘ਚ ਸਬਮਰਸੀਬਲ ਪੰਪ ਬੋਰ ਕਰਵਾ ਕੇ ਦਿੱਤੇ ਗਏ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਸਾਫ ਤੇ ਸ਼ੁੱਧ ਪੀਣ ਵਾਲਾ ਪਾਣੀ ਨਸੀਬ ਹੋ ਸਕੇ। ਉਨ੍ਹਾਂ ਦੱਸਿਆ ਕਿ ਨੇਪਾਲ ’ਚ ਆਏ ਹੜ੍ਹ ਦੌਰਾਨ ਸੰਸਥਾ ਦੀ ਭਾਰਤ ਬਰਾਂਚ ਨੇ ਨੇਪਾਲ ਵਿਖੇ ਪਹੁੰਚ ਕੇ ਨੇਪਾਲ ਦੇ ਹੜ੍ਹ ਪੀੜਤਾਂ ਦੀ ਬਾਂਹ ਫੜ ਹਰ ਸੰਭਵ ਮਦਦ ਕੀਤੀ। ਭਾਈ ਰਾਮ ਸਿੰਘ ਮੈਂਗੜਾ ਨੇ ਦੱਸਿਆ ਕਿ ਸੰਸਥਾ ਦੀ ਸਥਾਪਨਾ ਪੰਜ ਸਾਲ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ‘ਮਨੁੱਖਤਾ ਦੀ ਸੇਵਾ ਹੀ ਉੱਤਮ ਧਰਮ ਹੈ’ ਲੈ ਕੇ ਕੀਤੀ ਗਈ ਸੀ, ਜਿਸ ਦੇ ਤਹਿਤ ਵਿਦੇਸ਼ਾਂ ਵਿੱਚ ਕੀਤੇ ਲੋਕ ਭਲਾਈ ਕਾਰਜਾਂ ਤੋਂ ਇਲਾਵਾ ਭਾਰਤ ਵਿੱਚ ਫਰੀ ਮੈਡੀਕਲ ਕੈਂਪ ਲਗਾਏ ਗਏ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਭੇਟ ਕੀਤੀਆਂ, ਅੰਗਹੀਣਾਂ ਨੂੰ ਟਰਾਈ ਸਾਈਕਲ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਪੜ੍ਹਾਈ ਲਈ ਫੀਸਾਂ, ਕਿਤਾਬਾਂ, ਸਟੇਸ਼ਨਰੀ ਆਦਿ ਦੀ ਵੰਡ ਕੀਤੀ ਜਾ ਰਹੀ ਹੈ। ਮੈਂਗੜਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰੂ ਮਹਾਰਾਜ ਦੇ ਜਨਮ ਅਸਥਾਨ ਸ਼ੀਰ ਗੋਵਰਧਨਪੁਰ (ਕਾਸ਼ੀ) ਵਾਰਾਣਸੀ ਯੂਪੀ ਵਿਖੇ ਹਰ ਸਾਲ ਗੁਰੂ ਸਾਹਿਬ ਦਾ ਪਵਿੱਤਰ ਜਨਮ ਦਿਹਾੜਾ ਮਨਾਉਣ ਗਈ ਸੰਗਤ ਨੂੰ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆ ਮੈਗਾ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਇਸੇ ਤਰ੍ਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ’ਤੇ ਵੀ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਵੇਗਾ ਤੇ ਡਾਕਟਰਾਂ ਦੀ ਟੀਮ ਤੇ ਦਵਾਈਆਂ ਆਦਿ ਦਾ ਸਾਰਾ ਖਰਚਾ ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਕੀਤਾ ਜਾਵੇਗਾ। ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਛਮਨ ਲਾਲ ਬੰਗੜ੍ਹ ਪੰਜਾਬ ਸੇਵਾਦਾਰ, ਮਨਦੀਪ ਕੁਮਾਰ ਬੰਗੜ, ਸੰਦੀਪ ਕੁਮਾਰ ਬੰਗੜ੍ਹ, ਵਾਸੂਦੇਵ ਮਹਿਮੀ ਹਾਲੈਂਡ, ਸੁਖਵਿੰਦਰ ਭੱਟੀ ਪੁਰਤਗਾਲ, ਜੀਵਨ ਲਾਲ ਬੈਲਜੀਅਮ, ਮਿਸਟਰ ਸੁੱਖੀ ਦੁਬਈ, ਅਮਨਦੀਪ ਕੌਂਸਲਰ, ਕੁਲਦੀਪ ਸਿੰਘ ਰਾਣਾ, ਬਲਵਿੰਦਰ ਬੱਲੂ ਆਦਿ ਹਾਜ਼ਰ ਸਨ।