
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਲਾਮੀ ਦਾ ਮੁੱਖ ਕਾਰਨ ਦੇਸ਼ ਦੀ ਮਨੂਵਾਦੀ ਸਮਾਜਿਕ ਵਿਵਸਥਾ ਸੀ - ਐਡਵੋਕੇਟ ਕੁਲਦੀਪ ਭੱਟੀ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਵਿਖੇ 15 ਅਗਸਤ ਨੂੰ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼-ਪ੍ਰੇਮ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਕੁਲਦੀਪ ਭੱਟੀ, ਪ੍ਰਧਾਨ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ, ਨੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਦੀ ਗੁਲਾਮੀ ਦੇ ਇਤਿਹਾਸ ਨੂੰ ਸਮਝਣ ਲਈ ਉਸ ਸਮੇਂ ਦੀ ਸਮਾਜਿਕ ਵਿਵਸਥਾ ਨੂੰ ਸਮਝਣਾ ਵੀ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, ਸਮਾਜ ਵਿੱਚ ਜਾਤ-ਪਾਤ ਦੇ ਆਧਾਰ ’ਤੇ ਵੱਡਾ ਵਿਤਕਰਾ ਤੇ ਪਾੜਾ ਮੌਜੂਦ ਸੀ ਤੇ ਮਨੂਵਾਦੀ ਵਿਵਸਥਾ ਕਾਰਨ ਸਮਾਜ ਦੇ ਵੱਡੇ ਵਰਗਾਂ ਨੂੰ ਸਿੱਖਿਆ ਤੇ ਆਪਣੇ ਅਧਿਕਾਰਾਂ ਦੀ ਵਰਤੋਂ ਤੋਂ ਵਾਂਝਾ ਰੱਖਿਆ ਗਿਆ।
ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਅੰਧਵਿਸ਼ਵਾਸ, ਵਹਿਮ-ਭਰਮ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਤੇ ਆਪਣੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੂੰ ਸਮਾਨਤਾ, ਆਜ਼ਾਦੀ ਤੇ ਨਿਆਂ ਦੇ ਅਧਿਕਾਰ ਦਿੰਦਾ ਹੈ ਤੇ ਸੰਵਿਧਾਨ ਦੀ ਬਦੌਲਤ ਦੇਸ਼ ਦੇ ਸਾਰੇ ਨਾਗਰਿਕ ਕਾਨੂੰਨ ਦੀ ਨਜ਼ਰ ਵਿੱਚ ਬਰਾਬਰ ਹਨ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਦੇਸ਼-ਪਿਆਰ ਦੀ ਭਾਵਨਾ ਨਾਲ ਭਰਪੂਰ ਦੇਸ਼ ਭਗਤੀ ਦੇ ਗੀਤਾਂ ’ਤੇ ਕੋਰੀਓਗ੍ਰਾਫੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਅੰਤ ਵਿੱਚ ਮਨਜੀਤ ਸਿੰਘ ਲੋਗੀਆਂ, ਪ੍ਰਿੰਸੀਪਲ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ, ਨੇ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਬਲਾਸ ਬਸਰਾ, ਮੀਤ ਪ੍ਰਧਾਨ ਸੁਰਿੰਦਰ ਸਿੰਘ ਬਹਿਰਾਮ, ਇੰਦਰਜੀਤ ਅਟਾਰੀ, ਜਨਰਲ ਸਕੱਤਰ, ਚਰਨਜੀਤ ਸੱਲ੍ਹਾ, ਸੋਢੀ ਰਾਮ ਝੱਲੀ, ਮਨਜੋਤ ਲੋਗੀਆਂ, ਮੈਡਮ ਅੰਜਲੀ ਵਾਈਸ ਪ੍ਰਿੰਸੀਪਲ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਤੇ ਹੋਰ ਪਤਵੰਤੇ ਹਾਜ਼ਰ ਸਨ।