ਭਾਜਪਾ ਦੀ ਕਾਨਫਰੰਸ ਨੇ ਵਿਰੋਧੀਆਂ ਦੇ ਉਡਾਏ ਹੋਸ਼ : ਚੇਤਨ ਰੱਖੜ ਪੁਨੀਆਂ ਦੇ ਇਤਿਹਾਸਕ ਜੋੜ ਮੇਲੇ ਨੂੰ ਸਮਰਪਿਤ ਭਾਜਪਾ ਵੱਲੋਂ ਆਯੋਜਿਤ ਰਾਜਨੀਤਿਕ ਕਾਨਫਰੰਸ ਨੇ ਵਿਰੋਧੀਆਂ ਦੇ ਉਡਾਏ ਹੋਸ਼ : ਚੇਤਨ ਸੂਰੀ
Publish Date: Fri, 28 Aug 2026 10:29 PM (IST)
Updated Date: Fri, 28 Aug 2026 10:31 PM (IST)
ਜੋੜ ਮੇਲੇ ਦੇ ਮੌਕੇ ’ਤੇ ਭਾਜਪਾਦੀ ਰਾਜਨੀਤਿਕ ਕਾਨਫਰੰਸ ’ਚ ਕਪੂਰਥਲਾ ਦੇ ਸੈਂਕੜੇ ਵਰਕਰਾਂ ਨੇ ਲਿਆ ਹਿੱਸਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਵੱਲੋਂ ਰੱਖੜ ਪੁੰਨਿਆ ਦੇ ਸ਼ੁਭ ਮੌਕੇ ’ਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ਪਹਿਲੀ ਮੈਗਾ ਰਾਜਨੀਤਿਕ ਕਾਨਫਰੰਸ ਨੇ ਸੂਬੇ ਦੇ ਰਾਜਨੀਤਿਕ ਸਮੀਕਰਨਾਂ ਨੂੰ ਗਰਮਾ ਦਿੱਤਾ ਹੈ। ਰੱਖੜ ਪੁੰਨਿਆ ਦੇ ਪਵਿੱਤਰ ਜੋੜ ਮੇਲੇ ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ਰਾਜਨੀਤਿਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਭਾਜਪਾ ਵਰਕਰ ਵਿਰਾਸਤੀ ਸ਼ਹਿਰ ਤੋਂ ਪੰਦਰਾਂ ਬੱਸਾਂ ਤੇ ਪੱਚੀ ਕਾਰਾਂ ਵਿੱਚ ਰਵਾਨਾ ਹੋਏ। ਇਸ ਮੌਕੇ ਭਾਜਪਾ ਲੋਕਲ ਬਾਡੀ ਸੈੱਲ ਦੇ ਸੂਬਾ ਕਨਵੀਨਰ ਪਰਸ਼ੋਤਮ ਪਾਸੀ, ਸੂਬਾ ਕਾਰਜਕਾਰਣੀ ਮੈਂਬਰ ਮੰਨੂ ਧੀਰ ਤੇ ਜਗਦੀਸ਼ ਸ਼ਰਮਾ ਨੇ ਮਨੀ ਮਹੇਸ਼ ਮੰਦਰ ਮਾਲ ਰੋਡ ਤੋਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਇਸ ਰਾਜਨੀਤਿਕ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਵਿਕਾਸ ਦੇ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦਾ ਪੂਰਾ ਵਿਕਾਸ ਯਕੀਨੀ ਬਣਾਇਆ ਜਾਵੇਗਾ। ਪੰਜਾਬ ਵਿੱਚ ਵੀ ਉਸੇ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ ਜਿਵੇਂ ਦੂਜਿਆਂ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਦੌਰਾਨ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਰੁਜ਼ਗਾਰ ਤੇ ਕਿਸਾਨ ਭਲਾਈ ਦੇ ਖੇਤਰਾਂ ਵਿੱਚ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਨਸ਼ਿਆਂ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾਵੇਗਾ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਤੇ ਸੂਬੇ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇਗਾ। ਚੇਤਨ ਸੂਰੀ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਲਗਭਗ 4.13 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ, ਪਰ ਸੂਬਾ ਸਰਕਾਰ ਕੋਲ ਇਸ ਗੱਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ ਕਿ ਇਹ ਰਕਮ ਕਿੱਥੇ ਖਰਚ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਛੇ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੁੱਖ ਫਸਲਾਂ, ਕਣਕ ਤੇ ਝੋਨੇ ਦੀ ਖਰੀਦ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ 24 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਿੱਤੇ ਜਾ ਰਹੇ ਹਨ, ਜਿਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 22 ਰਾਜਾਂ ਵਿੱਚ ਭਾਜਪਾ ਸਮਰਥਿਤ ਸਰਕਾਰਾਂ ਹਨ, ਜਿੱਥੇ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਪੰਜਾਬ ਦੇ ਲੋਕ ਹੁਣ ਵਿਕਾਸ ਤੇ ਚੰਗੇ ਸ਼ਾਸਨ ਦੇ ਵਿਕਲਪ ਵਜੋਂ ਭਾਜਪਾ ਵੱਲ ਦੇਖ ਰਹੇ ਹਨ। ਇਸ ਮੌਕੇ ਅਸ਼ੋਕ ਮਾਹਲਾ, ਸੰਨੀ ਬੈਂਸ, ਕਮਲ ਪ੍ਰਭਾਕਰ, ਰਾਜੀਵ ਪ੍ਰਭਾਕਰ, ਵਿਸ਼ਾਲ ਸੋਂਧੀ, ਮਹਿੰਦਰ ਸਿੰਘ ਬਲੇਰ, ਅਸ਼ੀਸ਼ ਮਹਤੋ, ਕਪੂਰ ਚੰਦ ਥਾਪਰ, ਪ੍ਰਦੀਪ ਠਾਕੁਰ, ਨਿਰਮਲ ਸਿੰਘ ਨਾਹਰ, ਪ੍ਰੋਫੈਸਰ ਅਨੁਰਾਗ ਸ਼ਰਮਾ, ਮਧੂ ਸੂਦ, ਬਲਵੰਤ ਸਿੰਘ ਬੂਟਾ, ਡਾ. ਪ੍ਰਦੀਪ ਕੌਸ਼ਲ, ਰਾਜੇਸ਼ ਕੁਮਾਰ, ਬਲਬੀਰ ਸਿੰਘ, ਡਾ.ਅਮਰਨਾਥ ਆਦਿ ਹਾਜ਼ਰ ਸਨ।