ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਕਰਾਸਿੰਗ ਕੱਟ ਕੀਤੇ ਬੰਦ ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਕਰਾਸਿੰਗ ਕੱਟਾਂ ਵਾਲੀ ਜਗਾ ਤੇ ਪੁਲਿਸ ਨੇ ਲਗਵਾਏ ਸੀਮੈਂਟ ਦੇ ਬੈਰੀਕੇਟ
Publish Date: Thu, 27 Aug 2026 09:57 PM (IST)
Updated Date: Thu, 27 Aug 2026 09:58 PM (IST)
ਪੁਲਿਸ ਨੇ ਲਗਵਾਏ ਸੀਮੈਂਟ ਦੇ ਬੈਰੀਕੇਡ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਬਣੇ ਨਾਜਾਇਜ਼ ਕਰਾਸਿੰਗ ਕੱਟਾਂ ਕਾਰਨ ਵਾਪਰਦੇ ਸੜਕੀ ਹਾਦਸਿਆਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹਾਈਵੇ ’ਤੇ ਨਵੇਂ ਬਣ ਰਹੇ ਪੁਲ ’ਤੇ ਠੇਕੇਦਾਰ ਦੀ ਮਦਦ ਨਾਲ ਇਨ੍ਹਾਂ ਥਾਵਾਂ ’ਤੇ ਸੀਮੈਂਟ ਦੇ ਬੈਰੀਕੇਡ ਲਗਵਾ ਦਿੱਤੇ ਗਏ ਹਨ। ਇਸ ਸਮੱਸਿਆ ਸਬੰਧੀ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਵੱਲੋਂ ਬੀਤੇ ਦਿਨੀਂ ਅਦਾਰਾ ਪੰਜਾਬੀ ਜਾਗਰਣ ਦੇ ਮਾਧਿਅਮ ਰਾਹੀਂ ਆਵਾਜ਼ ਉਠਾਈ ਗਈ ਸੀ ਤੇ ਉਨ੍ਹਾਂ ਵੱਲੋਂ ਮਾਮਲਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਕਾਰਵਾਈ ਤੋਂ ਬਾਅਦ ਮੌਕੇ ’ਤੇ ਅੱਜ ਦੁਬਾਰਾ ਪੁੱਜੇ ਖਾਲਸਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਜਾਇਜ਼ ਕੱਟਾਂ ਨੂੰ ਬੰਦ ਕਰਨ ਲਈ ਸੀਮੈਂਟ ਦੇ ਬੈਰੀਕੇਡ ਲਗਾਉਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਲਈ ਅਦਾਰਾ ਪੰਜਾਬੀ ਜਾਗਰਣ ਦਾ ਵੀ ਧੰਨਵਾਦ ਕੀਤਾ। ਖਾਲਸਾ ਨੇ ਕਿਹਾ ਕਿ ਭਾਵੇਂ ਬੈਰੀਕੇਡ ਲਗਾ ਕੇ ਨਾਜਾਇਜ਼ ਰਸਤੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਕਤ ਕਰਾਸਿੰਗ ਕੱਟਾਂ ਵਿੱਚ ਅਜੇ ਵੀ ਥੋੜ੍ਹੀ ਜਿਹੀ ਜਗ੍ਹਾ ਬਚੀ ਹੋਈ ਹੈ, ਜਿਸ ਰਾਹੀਂ ਦੋ ਪਹੀਆ ਵਾਹਨ ਚਾਲਕ ਇੱਧਰ-ਉੱਧਰ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਜਗ੍ਹਾ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਤਾਂ ਹਾਦਸਿਆਂ ਦੇ ਖਤਰੇ ਨੂੰ ਹੋਰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਖਾਲਸਾ ਨੇ ਸੜਕ ਸੁਰੱਖਿਆ ਫੋਰਸ ਦੇ ਹਾਈਵੇ ਪੁਲਿਸ ਇੰਚਾਰਜ ਏਐੱਸਆਈ ਮੱਖਣ ਸਿੰਘ ਨਾਲ ਵੀ ਗੱਲਬਾਤ ਕੀਤੀ ਤੇ ਬਚੀ ਹੋਈ ਜਗ੍ਹਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਰੱਖੀ। ਏਐੱਸਆਈ ਮੱਖਣ ਸਿੰਘ ਨੇ ਭਰੋਸਾ ਦਿਵਾਇਆ ਕਿ ਨੈਸ਼ਨਲ ਹਾਈਵੇ ’ਤੇ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਬਚੀ ਹੋਈ ਜਗ੍ਹਾ ਨੂੰ ਵੀ ਜਲਦ ਪੂਰੀ ਤਰ੍ਹਾਂ ਬੰਦ ਕਰਵਾਇਆ ਜਾਵੇਗਾ, ਤਾਂ ਜੋ ਵਾਹਨ ਚਾਲਕਾਂ ਨੂੰ ਗਲਤ ਢੰਗ ਨਾਲ ਕਰਾਸਿੰਗ ਕਰਨ ਤੋਂ ਰੋਕਿਆ ਜਾ ਸਕੇ ਤੇ ਸੰਭਾਵਿਤ ਹਾਦਸਿਆਂ ਨੂੰ ਟਾਲਿਆ ਜਾ ਸਕੇ। ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਨੈਸ਼ਨਲ ਹਾਈਵੇ ’ਤੇ ਸੜਕ ਸੁਰੱਖਿਆ ਨਾਲ ਜੁੜੇ ਅਜਿਹੇ ਮਾਮਲਿਆਂ ਨੂੰ ਲੈ ਕੇ ਉਹ ਅੱਗੇ ਵੀ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੀਆਂ ਖੂਨੀ ਸੜਕਾਂ ’ਤੇ ਜਗ੍ਹਾ ਜਗ੍ਹਾ ਬਣੇ ਅਜਿਹੇ ਨਾਜਾਇਜ਼ ਕਰਾਸਿੰਗ ਕੱਟਾਂ ਕਰਕੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।