ਫਗਵਾੜਾ ਬੱਸ ਅੱਡੇ ਨੂੰ ਰਹਿੰਦੀ ਹੈ ਬੱਸਾਂ ਦੀ ਉਡੀਕ "ਫਗਵਾੜਾ" ਦੇ "ਬੱਸ ਸਟੈਂਡ" ਨੂੰ ਰਹਿੰਦੀ ਹੈ ਬੱਸਾਂ ਦੀ ਉਡੀਕ
Publish Date: Fri, 24 Jul 2026 08:38 PM (IST)
Updated Date: Sat, 25 Jul 2026 04:11 AM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ 24 ਘੰਟੇ ਹੀ ਵਿਅਸਥ ਰਹਿਣ ਵਾਲੇ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ਵਿਚਾਲੇ ਸਥਿਤ ਫਗਵਾੜਾ ਸ਼ਹਿਰ ਦਾ ਮੁੱਖ ਬੱਸ ਅੱਡਾ ਇਨ੍ਹੀਂ ਦਿਨੀ ਆਪਣੀ ਅਸਲ ਭੂਮਿਕਾ ਨਿਭਾਉਣ ਦੀ ਬਜਾਏ ਸਿਰਫ਼ ਨਾਮ ਦਾ ਬੱਸ ਅੱਡਾ ਬਣ ਕੇ ਰਹਿ ਗਿਆ ਹੈ। ਹਾਲਾਤ ਇਹ ਹਨ ਕਿ ਜ਼ਿਆਦਾਤਰ ਨਿੱਜੀ,ਲੰਬੇ ਰੂਟ ਦੀਆਂ ਅਤੇ ਕੁਝ ਹੋਰ ਬੱਸਾਂ ਬੱਸ ਅੱਡੇ ਦੇ ਅੰਦਰ ਜਾਣ ਦੀ ਬਜਾਏ ਬਾਹਰ ਹੀ ਸਵਾਰੀਆਂ ਚੜ੍ਹਾਉਣ ਅਤੇ ਉਤਾਰਣ ਨੂੰ ਤਰਜੀਹ ਦਿੰਦੀਆਂ ਹਨ। ਇਸ ਕਾਰਨ ਬੱਸ ਸਟੈਂਡ ਦੇ ਅੰਦਰ ਸੰਨਾਟਾ ਪਸਰਿਆ ਰਹਿੰਦਾ ਹੈ, ਜਦਕਿ ਬਾਹਰ ਸੜਕ ਕਿਨਾਰੇ ਬੱਸਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਟ੍ਰੈਫਿਕ ਵਿਵਸਥਾ ਵਿੱਚ ਭਾਰੀ ਵਿਘਨ ਪੈਂਦਾ ਹੈ ਤੇ ਆਵਾਜਾਈ ਪ੍ਰਭਾਵਿਤ ਹੁੰਦਾ ਹੈ ਤੇ ਕਿਤੇ ਨਾ ਕਿਤੇ ਹਾਦਸਿਆਂ ਦਾ ਖਤਰਾ ਵੀ ਵਧ ਜਾਂਦਾ ਹੈ। ਸਥਾਨਕ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੇ ਬਾਹਰ ਖੜ੍ਹੇ ਹੋਣ ਕਾਰਨ ਮੁੱਖ ਸੜਕ ਤੇ ਅਕਸਰ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਹੋਰ ਵਾਹਨ ਚਾਲਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਸਾਰੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਬੱਸ ਸਟੈਂਡ ਦੇ ਅੰਦਰੋਂ ਹੀ ਚਲਾਇਆ ਜਾਵੇ ਤਾਂ ਨਾ ਸਿਰਫ਼ ਟ੍ਰੈਫਿਕ ਦੀ ਸਮੱਸਿਆ ਘਟੇਗੀ, ਸਗੋਂ ਯਾਤਰੀਆਂ ਨੂੰ ਵੀ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਬੱਸਾਂ ਮਿਲ ਸਕਣਗੀਆਂ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਦੇ ਬਾਹਰ ਬੇਤਰਤੀਬ ਢੰਗ ਨਾਲ ਖੜ੍ਹੀਆਂ ਬੱਸਾਂ ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਸਾਰੀਆਂ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰੋਂ ਹੀ ਚਲਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਰਹੇ ਅਤੇ ਬੱਸ ਸਟੈਂਡ ਆਪਣੀ ਅਸਲ ਉਪਯੋਗਤਾ ਮੁੜ ਪ੍ਰਾਪਤ ਕਰ ਸਕੇ। ਇੱਥੇ ਜ਼ਿਕਰਯੋਗ ਹੈ ਬੱਸ ਅੱਡੇ ਨੂੰ ਕੁਝ ਮਨਚਲਿਆ ਨੇ ਆਸ਼ਿਕੀ ਅਤੇ ਮੇਲ੍ਰ-ਮਿਲਾਪ ਦਾ ਅੱਡਾ ਵੀ ਬਣਾਇਆ ਹੋਇਆ ਹੈ ਤੇ ਛੋਟੀ ਉਮਰ ਦੇ ਜੋੜੇ ਬੱਸ ਅੱਡੇ ਅੰਦਰ ਜਗਾ ਜਗਾ ਜਾਂ ਪੋੜੀਆਂ ਵਿੱਚ ਚੋਲ-ਮੋਲ ਕਰਦੇ ਤੁਹਾਨੂੰ ਆਮ ਦਿਖਾਈ ਦੇਣਗੇ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਫਗਵਾੜਾ ਬੱਸ ਸਟੈਂਡ ਅੰਦਰ ਦੁਕਾਨਾਂ ਵਾਲੇ ਵੀ ਆਉਣ ਜਾਣ ਵਾਲੇ ਮੁਸਾਫ਼ਰਾਂ ਅਤੇ ਲੋਕਾਂ ਦੀ ਲੁੱਟ ਖਸੁੱਟ ਕਰਦਿਆਂ ਖਾਣ ਪੀਣ ਵਾਲੀਆਂ ਜਿਵੇਂ ਕੋਲਡ ਡਰਿੰਕ ਬਗੈਰਾ ਤੇ ਹੋਰ ਜ਼ਰੂਰੀ ਵਸਤੂਆਂ ਮਾਰਕੀਟ ਰੇਟ ਨਾਲੋਂ ਕਿਤੇ ਮਹਿੰਗੀਆਂ ਵੇਚਦੇ ਹਨ। ਹਾਲਾਂਕਿ ਫਗਵਾੜਾ ਸ਼ਹਿਰ ’ਚ ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਪਰ ਬੱਸ ਅੱਡਾ ਫਗਵਾੜਾ ਦੇ ਪ੍ਰਬੰਧਾਂ ਦੀ ਤਸਵੀਰ ਵਿਗੜੀ ਹੋਈ ਨਜ਼ਰ ਆ ਰਹੀ ਹੈ, ਜਿਸ ਵੱਲ ਸਬੰਧਤ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣ ਦੀ ਲੋੜ ਜਾਪ ਰਹੀ ਹੈ।