ਝੋਨੇ ਦੀ ਕਟਾਈ ਤੋਂ ਪਹਿਲਾਂ ਕੀਤੀ ਅਰਦਾਸ
ਖੇਤਾਂ ‘ਚ ਝੋਨੇ ਦੀ ਫਸਲ ਪੱਕ ਕੇ ਹੋਈ ਤਿਆਰ, ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੇ ਕਟਾਈ ਦੀ ਕੀਤੀ ਸ਼ੁਰੂਆਤ
Publish Date: Sun, 27 Sep 2026 08:43 PM (IST)
Updated Date: Sun, 27 Sep 2026 08:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਖੇਤਰ ਦੇ ਪਿੰਡਾਂ ‘ਚ ਝੋਨੇ ਦੀ ਫਸਲ ਪੱਕ ਕੇ ਤਿਆਰ ਹੋਣੀ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਵੱਲੋਂ ਵੀ ਪੁੱਤਾਂ ਵਾਂਗੁ ਪਾਲੀ ਫਸਲ ਨੂੰ ਮੌਸਮ ਦੇ ਬਦਲਦੇ ਰੁੱਖ ਨੂੰ ਦੇਖਦੇ ਹੋਏ ਕਟਾਈ ਦਾ ਕੰਮ ਹੌਲੀ-ਹੌਲੀ ਸ਼ੁਰੂ ਕਰ ਦਿੱਤਾ ਗਿਆ ਹੈ। ਗੱਲਬਾਤ ਕਰਦੇ ਹੋਏ ਪਿੰਡ ਮਲਕਪੁਰ ਦੇ ਕਿਸਾਨ ਗੁਰਮੁਖ ਸਿੰਘ ਫੌਜੀ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਦੀ ਮਾਰ ਤੋਂ ਬਾਅਦ ਪਰਮਾਤਮਾ ਦਾ ਸ਼ੁਕਰ ਹੈ ਕਿ ਇਸ ਵਾਰ ਫਸਲ ਕਾਫੀ ਚੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸਮਾਨ ਵਿੱਚ ਬੱਦਲਵਾਈ ਨੂੰ ਦੇਖਦੇ ਹੋਏ ਉਨ੍ਹਾਂ ਪੱਕ ਕੇ ਤਿਆਰ ਫਸਲ ਨੂੰ ਕੰਬਾਈਨ ਰਾਹੀਂ ਕੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਨਮੀ ਤੋਂ ਬਚਾਇਆ ਜਾ ਸਕੇ। ਫਸਲ ਦੀ ਕਟਾਈ ਤੋਂ ਪਹਿਲਾਂ ਭਾਈ ਸੁਖਵਿੰਦਰ ਸਿੰਘ ਮਲਕਪੁਰ ਵੱਲੋਂ ਅਰਦਾਸ ਕੀਤੀ ਗਈ। ਕਿਸਾਨਾਂ ਨੇ ਭਰੋਸਾ ਜਤਾਇਆ ਕਿ ਮੰਡੀਆਂ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧਾਂ ਦੀ ਚੰਗੀ ਵਿਵਸਥਾ ਕੀਤੀ ਜਾਵੇਗੀ ਤੇ ਸਮੇਂ ਸਿਰ ਝੋਨੇ ਦੀ ਖਰੀਦ ਤੇ ਲਿਫਟਿੰਗ ਤੋਂ ਇਲਾਵਾ ਤਿਓਹਾਰੀ ਸੀਜ਼ਨ ‘ਚ ਫਸਲ ਦੀ ਕੀਮਤ ਦਾ ਸਰਕਾਰ ਵੱਲੋਂ ਸਮੇਂ ਸਿਰ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਫੋਰਮੈਨ ਦਰਸ਼ਨ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਪੰਚ, ਸ਼ੇਰਵੀਰ ਸਿੰਘ, ਅਵਤਾਰ ਸਿੰਘ ਤੇ ਮਹਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।