- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਲਤਾਨਪੁਰ ਲੋਧੀ ਦੀ ਕਾਂਗਰਸੀ ਸਿਆਸਤ ’ਚ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵਧੀ, ਬਲਜਿੰਦਰ ਸਿੰਘ ਜੈਨਪੁਰ ਦਾ ਨਾਮ ਵੀ ਚਰਚਾ ਵਿੱਚ ਆਇਆ

ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕਾਂਗਰਸ ’ਚ ਵਾਪਸੀ ਤੇ ਯੂਕੇ ਦੇ ਬਲਜਿੰਦਰ ਸਿੰਘ ਜੈਨਪੁਰ ਦੀ ਵੀ ਹੋ ਰਹੀ ਚਰਚਾ
ਨਵਤੇਜ ਸਿੰਘ ਚੀਮਾ ਦੀ ਮੁੜ ਦਾਅਵੇਦਾਰੀ ਨਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਵਧੀ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਖ਼ਾਸ ਕਰਕੇ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੱਖ-ਵੱਖ ਨਾਵਾਂ ਦੀ ਚਰਚਾ ਛਿੜੀ ਹੋਈ ਹੈ। ਮੌਜੂਦਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਮੁੜ ਟਿਕਟ ਲਈ ਦਾਅਵੇਦਾਰੀ ਤੇ ਹੁਣ ਯੂਕੇ ਵਿੱਚ ਕਾਰੋਬਾਰ ਕਰਦੇ ਬਲਜਿੰਦਰ ਸਿੰਘ ਜੈਨਪੁਰ ਦਾ ਨਾਮ ਸਾਹਮਣੇ ਆਉਣ ਨਾਲ ਹਲਕੇ ਦੇ ਸਿਆਸੀ ਸਮੀਕਰਨ ਦਿਲਚਸਪ ਬਣਦੇ ਨਜ਼ਰ ਆ ਰਹੇ ਹਨ।
ਬਲਜਿੰਦਰ ਸਿੰਘ ਜੈਨਪੁਰ ਦਾ ਸਿਆਸੀ ਸਫ਼ਰ ਤੇ ਜਥੇਬੰਦਕ ਤਜਰਬਾ
ਬਲਜਿੰਦਰ ਸਿੰਘ ਜੈਨਪੁਰ ਦਾ ਨਾਮ ਚਰਚਾ ਵਿੱਚ ਆਉਣ ਪਿੱਛੇ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਲੰਮਾ ਜਥੇਬੰਦਕ ਸਫ਼ਰ ਤੇ ਵਿਦੇਸ਼ ਵਿੱਚ ਪਾਰਟੀ ਲਈ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਿੰਡ ਜੈਨਪੁਰ ਨਾਲ ਸਬੰਧਤ ਬਲਜਿੰਦਰ ਸਿੰਘ ਜੈਨਪੁਰ ਲੰਮੇ ਸਮੇਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੇ ਹੋਏ ਹਨ ਤੇ ਇਸ ਸਮੇਂ ਯੂਕੇ ਵਿੱਚ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ 1995 ਤੋਂ 2000 ਤੱਕ ਯੂਥ ਕਾਂਗਰਸ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਉਹ ਇੰਗਲੈਂਡ ਵਿੱਚ ਓਵਰਸੀਜ਼ ਕਾਂਗਰਸ ਨਾਲ ਜੁੜ ਗਏ ਤੇ 2005 ਤੋਂ 2010 ਤੱਕ ਉੱਥੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਅਨੁਸਾਰ ਇਸ ਸਮੇਂ ਉਹ ਓਵਰਸੀਜ਼ ਕਾਂਗਰਸ ਯੂਕੇ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਬਲਜਿੰਦਰ ਸਿੰਘ ਜੈਨਪੁਰ ਦੇ ਪਰਿਵਾਰ ਦਾ ਵੀ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਸਬੰਧ ਰਿਹਾ ਹੈ। ਉਨ੍ਹਾਂ ਦੇ ਭਰਾ ਨਰਿੰਦਰ ਸਿੰਘ ਜੈਨਪੁਰ ਸੈਕਟਰੀ ਪੰਜਾਬ ਕਾਂਗਰਸ ਕਮੇਟੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਵਰਗੇ ਅਹੁਦਿਆਂ ਤੇ ਰਹਿ ਚੁੱਕੇ ਹਨ ਤੇ ਹੁਣ ਉਹ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੀਆਂ ਸੇਵਾਵਾਂ ਨਿਭਾ ਰਹੇ ਹਨ। ਬਲਜਿੰਦਰ ਸਿੰਘ ਪਿੰਡ ਜੈਨਪੁਰ ਸੁਲਤਾਨਪੁਰ ਲੋਧੀ ਹਲਕੇ ਦੇ ਜੰਮਪਲ ਹਨ ਤੇ ਕੰਬੋਜ ਭਾਈਚਾਰੇ ਨਾਲ ਸਬੰਧਤ ਹਨ। ਅਜਿਹੇ ਵਿੱਚ ਉਨ੍ਹਾਂ ਦੀ ਸੰਭਾਵੀ ਸਿਆਸੀ ਸਰਗਰਮੀ ਨੂੰ ਭਾਈਚਾਰਕ ਨੁਮਾਇੰਦਗੀ ਦੇ ਪੱਖ ਤੋਂ ਵੀ ਦੇਖਿਆ ਜਾ ਰਿਹਾ ਹੈ।
ਨਜ਼ਰਾਂ ਕਾਂਗਰਸ ਹਾਈਕਮਾਂਡ ਦੇ ਫ਼ੈਸਲੇ ’ਤੇ
ਫ਼ਿਲਹਾਲ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੀ ਟਿਕਟ ਕਿਸ ਨੂੰ ਮਿਲੇਗੀ, ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਪਰ ਤਿੰਨ ਪ੍ਰਮੁੱਖ ਨਾਵਾਂ ਦੀ ਚਰਚਾ ਨੇ ਹਲਕੇ ਦੀ ਸਿਆਸਤ ਵਿੱਚ ਨਵੀਂ ਗਰਮਾਹਟ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ 2027 ਦੀਆਂ ਚੋਣਾਂ ਲਈ ਕਿਸੇ ਪੁਰਾਣੇ ਸਿਆਸੀ ਚਿਹਰੇ ’ਤੇ ਭਰੋਸਾ ਜਤਾਉਂਦੀ ਹੈ ਜਾਂ ਫਿਰ ਨਵੇਂ ਚਿਹਰੇ ਨੂੰ ਮੌਕਾ ਦੇ ਕੇ ਹਲਕੇ ਵਿੱਚ ਨਵੇਂ ਸਿਆਸੀ ਸਮੀਕਰਨ ਸਿਰਜਦੀ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਨਵਤੇਜ ਸਿੰਘ ਚੀਮਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ, ਜਦਕਿ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਹੁਣ ਆਉਣ ਵਾਲੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਦੀ ਚਰਚਾ ਤੇ ਨਵਤੇਜ ਸਿੰਘ ਚੀਮਾ ਦੀ ਮੁੜ ਦਾਅਵੇਦਾਰੀ ਦੇ ਵਿਚਕਾਰ ਬਲਜਿੰਦਰ ਸਿੰਘ ਜੈਨਪੁਰ ਦਾ ਨਾਮ ਵੀ ਚਰਚਾ ਵਿੱਚ ਆਉਣਾ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਨਵਾਂ ਮੋੜ ਦੇ ਸਕਦਾ ਹੈ।