ਪੰਜਾਬ ’ਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੋਵੇਗੀ : ਚੇਅਰਮੈਨ ਲੁਬਾਣਾ ਪੰਜਾਬ ਵਿਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੋਵੇਗੀ : ਚੇਅਰਮੈਨ ਲੁਬਾਣਾ
Publish Date: Wed, 30 Sep 2026 09:41 PM (IST)
Updated Date: Wed, 30 Sep 2026 09:42 PM (IST)
ਕਿਹਾ-ਆਪ ਸਰਕਾਰ ਨੇ ਸਾਢੇ ਚਾਰ ਸਾਲਾਂ ’ਚ ਹਰ ਚੋਣ ਗਰੰਟੀ ਨੂੰ ਪੂਰਾ ਕੀਤਾ, ਅਸੀਂ ਮੈਨੀਫੈਸਟੋ ਨੂੰ ਪਵਿੱਤਰ ਦਸਤਾਵੇਜ਼ ਮੰਨਦੇ ਹਾਂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਕੀਤੇ ਜਾ ਰਹੇ ਕ੍ਰਾਂਤੀਕਾਰੀ ਕੰਮਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਦਿਖਾਈ ਜਾ ਰਹੀ ਨਿਰਾਸ਼ਾ ਸਾਲ 2027 ’ਚ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿੱਚ ਸੱਤਾ ਵਾਪਸੀ ਦੇ ਡਰ ਨੂੰ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਬਜੀਤ ਸਿੰਘ ਲੁਬਾਣਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਚੇਅਰਮੈਨ ਲੁਬਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਰਗੀਆਂ ਪਾਰਟੀਆਂ ਨੇ ਆਪਣੇ ਚੋਣ ਵਾਅਦਿਆਂ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਨਾਲ ਵਾਰ-ਵਾਰ ਧੋਖਾ ਕੀਤਾ ਹੈ, ਉੱਥੇ ਆਪ ਸਰਕਾਰ ਨੇ ਆਪਣੇ ਮੈਨੀਫੈਸਟੋ ਨੂੰ ਪਵਿੱਤਰ ਦਸਤਾਵੇਜ਼ ਮੰਨਿਆ ਹੈ ਤੇ ਸਿਰਫ਼ ਸਾਢੇ ਚਾਰ ਸਾਲਾਂ ਦੇ ਅੰਦਰ ਆਮ ਲੋਕਾਂ ਲਈ ਹਰ ਗਰੰਟੀ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਕਾਸ ਦੇ ਰਾਹ ਤੇ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਦੀ ਗਤੀ ਤੇਜ਼ ਹੋਵੇਗੀ। ਉਨ੍ਹਾਂ ਨੇ ਕਿਹਾ ਉਹ ਵੀ ਸਮਾਂ ਸੀ ਜਦੋਂ ਚੋਣ ਮੈਨੀਫੈਸਟੋ ਨੂੰ ਕੋਈ ਪੜ੍ਹਦਾ ਤੱਕ ਨਹੀਂ ਸੀ ਕਿਉਂਕਿ ਰਵਾਇਤੀ ਪਾਰਟੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਮੈਨੀਫੈਸਟੋ ਜਾਰੀ ਕਰਕੇ ਖਾਨਾਪੂਰਤੀ ਕਰਦੀਆਂ ਸਨ। ਰਵਾਇਤੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿੱਚ ਧਰਮ-ਜਾਤ ਦੀ ਗੱਲ ਹੁੰਦੀ ਸੀ ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਪਹਿਲ ਕਰਦਿਆਂ ਆਮ ਲੋਕਾਂ ਲਈ ਮਿਆਰੀ ਸਿਹਤ ਤੇ ਸਿੱਖਿਆ ਨੂੰ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਇਆ। ਰਵਾਇਤੀ ਪਾਰਟੀਆਂ ਨੂੰ ਵੀ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸਿਹਤ-ਸਿੱਖਿਆ ਦੇ ਖੇਤਰਾਂ ਨੂੰ ਸ਼ਾਮਲ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਲਈ ਉਹ ਅਰਵਿੰਦ ਕੇਜਰੀਵਾਲ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਪਰਿਵਾਰ ਲਈ ਪੌਸ਼ਟਿਕ ਖੁਰਾਕ ਯਕੀਨੀ ਬਣਾਉਣ ਲਈ ਮੇਰੀ ਰਸੋਈ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਪਰਿਵਾਰ ਚੰਗੀ ਖੁਰਾਕ ਨਾ ਮਿਲਣ ਕਰਕੇ ਪੌਸ਼ਟਿਕ ਤੱਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਉਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰ ਨੂੰ ਰਸਦ ’ਚ ਖੰਡ, ਦਾਲ, ਸਰੋਂ ਦਾ ਤੇਲ, ਲੂਣ ਮਿਲ ਰਿਹਾ ਹੈ। ਇਸ ਯੋਜਨਾ ਲਈ 1000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕੈਨੇਡਾ ਵਰਗੇ ਵਿਕਸਤ ਮੁਲਕਾਂ ’ਚ ਵੀ ਇਲਾਜ ਲਈ ਸਿਹਤ ਬੀਮੇ ਦੀ ਕਿਸ਼ਤ ਭਰਨੀ ਪੈਂਦੀ ਹੈ ਪਰ ਪੰਜਾਬ ਵਿੱਚ ਸਾਰਾ ਇਲਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਯੋਗਸ਼ਾਲਾ ਦੀ ਸਫਲਤਾ ਦਾ ਵੀ ਜ਼ਿਕਰ ਕੀਤਾ। ਸਿੱਖਿਆ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਚੇਅਰਮੈਨ ਲੁਬਾਣਾ ਨੇ ਕਿਹਾ ਕਿ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਦੇ ਆਧਾਰ ਤੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਸਮੇਂ ਇਹ ਜ਼ਰੂਰ ਯਾਦ ਰੱਖਿਆ ਜਾਵੇ ਕਿ ਕਿਸ ਸਰਕਾਰ ਨੇ ਇਮਾਨਦਾਰੀ ਤੇ ਲੋਕ ਹਿੱਤ ਵਿਚ ਕੰਮ ਕੀਤਾ ਹੈ।