ਨਵੀਂ ਬਣੀ ਸੜਕ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ : ਵਾਲੀਆ ਬਾਈਪਾਸ ਰੋਡ ਤੋਂ ਗੋਂਸਪੁਰ ਰਾਹੀਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਾਲੀ ਨਵੀਂ ਬਣੀ ਸੜਕ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ—ਬੰਟੀ ਵਾਲੀਆ
Publish Date: Sun, 29 Nov 2026 06:31 PM (IST)
Updated Date: Sun, 29 Nov 2026 06:31 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਿੱਚ ਨਵੀਆਂ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਾਂਗਰਸ ਆਗੂ ਅਤੇ ਨਗਰ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਬਾਈਪਾਸ ਰੋਡ ਤੋਂ ਗੋਂਸਪੁਰ ਰਾਹੀਂ ਇਤਿਹਾਸਕ ਗੁਰਦੁਆਰਾ ਸੁਖਚੈਨਿਆਣਾ ਸਾਹਿਬ ਵੱਲ ਜਾਣ ਵਾਲੀ ਨਵੀਂ ਸੜਕ ਦੀ ਮਾੜੀ ਹਾਲਤ ’ਤੇ ਸਖ਼ਤ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜਿਸ ਸੜਕ ਨੂੰ ਸਰਕਾਰ ਵੱਲੋਂ ਵਿਕਾਸ ਤੇ ਵਿਰਾਸਤੀ ਮਾਰਗ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੀ ਹਾਲਤ ਨਿਰਮਾਣ ਕਾਰਜ ਪੂਰਾ ਹੋਣ ਦੇ ਕੁੱਝ ਸਮਾਂ ਬਾਅਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸੜਕ ਦੇ ਕਈ ਹਿੱਸਿਆਂ ਵਿੱਚ ਤਰੇੜਾਂ ਪੈਣ, ਥਾਂ-ਥਾਂ ਟੋਏ ਬਣਨ ਤੇ ਸੜਕ ਦੇ ਬੈਠਣ ਦੇ ਲੱਛਣ ਸਾਹਮਣੇ ਆ ਰਹੇ ਹਨ, ਜਦਕਿ ਸੜਕ ਦੇ ਕਿਨਾਰਿਆਂ ’ਤੇ ਇੰਟਰਲਾਕ ਟਾਈਲਾਂ ਨਾਲ ਬਣਾਈਆਂ ਗਈਆਂ ਪੱਟੀਆਂ ਵੀ ਕਈ ਥਾਵਾਂ ਤੋਂ ਧਸਣ ਲੱਗੀਆਂ ਹਨ। ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਇਹ ਬੇਹੱਦ ਹੈਰਾਨੀਜਨਕ ਹੈ ਕਿ ਜਿਸ ਸੜਕ ’ਤੇ ਅਜੇ ਤੱਕ ਮੀਂਹ ਵੀ ਨਹੀਂ ਪਿਆ, ਉਸ ਦੀ ਹਾਲਤ ਹੁਣੇ ਤੋਂ ਖਰਾਬ ਹੋਣ ਲੱਗੀ ਹੈ, ਜਿਸ ਤੋਂ ਸਪਸ਼ਟ ਹੈ ਕਿ ਇਹ ਸੜਕ ਪਹਿਲੀ ਬਰਸਾਤ ਦੀ ਭੇਟ ਚੜ੍ਹਨ ਲਈ ਤਿਆਰ ਹੈ ਕਿਉਂਕਿ ਪਹਿਲੀ ਬਰਸਾਤ ਵਿੱਚ ਹੀ ਸੜਕ ਦੇ ਹੋਰ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੇ ਟਾਈਲਾਂ ਦੇ ਵੱਡੇ ਪੱਧਰ ’ਤੇ ਧਸਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸੇ ਇੱਕ ਸੜਕ ਦੀ ਖਰਾਬ ਹਾਲਤ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਸਰਕਾਰ ਨੂੰ ਮਿਲਣ ਵਾਲੇ ਟੈਕਸ ਦੇ ਪੈਸੇ ਦੀ ਵਰਤੋਂ ਨਾਲ ਜੁੜਿਆ ਗੰਭੀਰ ਸਵਾਲ ਹੈ। ਜੇਕਰ ਸਰਕਾਰੀ ਫੰਡਾਂ ਨਾਲ ਬਣਨ ਵਾਲੀਆਂ ਸੜਕਾਂ ਦੀ ਗੁਣਵੱਤਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਤੇ ਨਿਰਮਾਣ ਕਾਰਜਾਂ ਵਿੱਚ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈਂਦਾ ਹੈ। ਲੋਕ ਟੈਕਸ ਇਸ ਉਮੀਦ ਨਾਲ ਅਦਾ ਕਰਦੇ ਹਨ ਕਿ ਉਨ੍ਹਾਂ ਨੂੰ ਬਿਹਤਰ ਸੜਕਾਂ, ਸੁਰੱਖਿਅਤ ਆਵਾਜਾਈ ਤੇ ਟਿਕਾਊ ਵਿਕਾਸ ਦੀਆਂ ਸਹੂਲਤਾਂ ਮਿਲਣਗੀਆਂ, ਨਾ ਕਿ ਕੁਝ ਸਮੇਂ ਬਾਅਦ ਮੁੜ ਉਸੇ ਸੜਕ ਦੀ ਮੁਰੰਮਤ ’ਤੇ ਸਰਕਾਰੀ ਪੈਸਾ ਖਰਚ ਕਰਨਾ ਪਵੇ। ਕੌਂਸਲਰ ਬੰਟੀ ਵਾਲੀਆ ਨੇ ਨਗਰ ਨਿਗਮ ਕਮਿਸ਼ਨਰ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਖੁਦ ਮੌਕੇ ’ਤੇ ਪਹੁੰਚ ਕੇ ਬਾਈਪਾਸ ਰੋਡ ਤੋਂ ਗੋਂਸਪੁਰ ਰਾਹੀਂ ਗੁਰਦੁਆਰਾ ਸੁਖਚੈਨਿਆਣਾ ਸਾਹਿਬ ਨੂੰ ਜਾਂਦੀ ਇਸ ਸੜਕ ਦਾ ਨਿਰੀਖਣ ਕਰਨ ਤੇ ਸੜਕ ਦੀ ਉਸਾਰੀ ਵਿੱਚ ਵਰਤੀ ਗਈ ਸਮੱਗਰੀ, ਨਿਰਧਾਰਤ ਮਾਪਦੰਡਾਂ, ਮੋਟਾਈ, ਨੀਂਹ ਤੇ ਕੰਮ ਦੀ ਗੁਣਵੱਤਾ ਦੀ ਤਕਨੀਕੀ ਜਾਂਚ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਤੇ ਨਿਰਮਾਣ ਕਾਰਜ ਤਸੱਲੀਬਖਸ਼ ਸਾਬਤ ਨਹੀਂ ਹੁੰਦਾ, ਉਦੋਂ ਤੱਕ ਸਬੰਧਤ ਠੇਕੇਦਾਰ ਦਾ ਬਿੱਲ ਪਾਸ ਨਾ ਕੀਤਾ ਜਾਵੇ, ਤਾਂ ਜੋ ਸਰਕਾਰੀ ਖਜ਼ਾਨੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਬੰਟੀ ਵਾਲੀਆ ਨੇ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਨਿਰਮਾਣ ਕਾਰਜ ਵਿੱਚ ਘਟੀਆ ਸਮੱਗਰੀ ਦੀ ਵਰਤੋਂ, ਨਿਯਮਾਂ ਦੀ ਉਲੰਘਣਾ ਜਾਂ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋੜ ਪੈਣ ’ਤੇ ਉਸ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾਵੇ। --ਗੌਂਸਪੁਰ ਵਾਲੀ ਸੜਕ ਵਿਚਕਾਰ ਪਈਆਂ ਤਰੇੜਾਂ, ਬੈਠਦੀਆਂ ਇੰਟਰਲਾਕ ਟਾਇਲਾਂ।