ਨਗਰ ਕੀਰਤਨ ਦਾ ਸੱਚਖੰਡ ਪੰਡਵਾਂ ਵਿਖੇ ਹੋਵੇਗਾ ਠਹਿਰਾਓ ਨਗਰ ਕੀਰਤਨ ਦਾ 24 ਅਕਤੂਬਰ ਦੀ ਰਾਤ ਸੱਚਖੰਡ ਪੰਡਵਾਂ ਵਿਖੇ ਹੋਵੇਗਾ ਠਹਿਰਾਓ
Publish Date: Tue, 29 Sep 2026 06:46 PM (IST)
Updated Date: Tue, 29 Sep 2026 06:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ 24 ਤੇ 25 ਅਕਤੂਬਰ ਨੂੰ ਸਜਾਏ ਜਾ ਰਹੇ ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਨਗਰ ਕੀਰਤਨ 24 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਰਵਾਨਾ ਹੋਵੇਗਾ ਤੇ 24 ਅਕਤੂਬਰ ਦੀ ਰਾਤ ਨੂੰ ਸ੍ਰੀਮਾਨ 108 ਸੰਤ ਮਹਿੰਦਰ ਪਾਲ ਜੀ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ (ਰਜਿ.) ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਫਗਵਾੜਾ ਵਿਖੇ ਵਿਸ਼ਰਾਮ ਕਰੇਗਾ। ਇਸ ਸਬੰਧੀ ਨਗਰ ਕੀਰਤਨ ਕਮੇਟੀ ਦੇ ਪ੍ਰਬੰਧਕਾਂ ਦੀ ਸੰਤ ਜਸਵਿੰਦਰ ਸਿੰਘ ਜੀ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਫਗਵਾੜਾ, ਨਾਲ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੇ ਰਾਤਰੀ ਠਹਿਰਾਅ, ਲੰਗਰ ਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਤ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਜਾ ਰਹੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਸੱਚਖੰਡ ਪੰਡਵਾਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਮਹਾਨ ਧਾਰਮਿਕ ਉਪਰਾਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ ਤੇ ਤਰਸੇਮ ਲਾਲ ਚੁੰਬਰ ਇੰਚਾਰਜ ਨਗਰ ਕੀਰਤਨ ਜ਼ੋਨ ਦੁਆਬਾ ਨੇ ਕਿਹਾ ਕਿ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਰਾਬਰੀ, ਮਨੁੱਖੀ ਸਤਿਕਾਰ ਤੇ ਬੇਗਮਪੁਰਾ ਦੇ ਸੰਕਲਪ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਵੀਰ ਸਿੰਘ ਖਾਲਸਾ ਲੁਧਿਆਣਾ, ਰਜਿੰਦਰ ਸਿੰਘ ਰਾਜੂ ਪ੍ਰਧਾਨ ਬੇਗਮਪੁਰਾ ਸੇਵਾ ਦਲ ਤੇ ਅਵਤਾਰ ਸਿੰਘ ਪਮਾਲੀ ਸਾਬਕਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਾਜ਼ਰ ਸਨ।