ਝੋਟਾ ਦਾ ਕਤਲ ਪੰਜਾਬ ਦੀ ਆਤਮਾ ’ਤੇ ਹਮਲਾ : ਭਾਰਦਵਾਜ ਪਰਵਿੰਦਰ ਝੋਟਾ ਦਾ ਕਤਲ ਸਿਰਫ਼ ਇੱਕ ਪੰਜਾਬੀ ਦਾ ਕਤਲ ਨਹੀਂ ਬਲਕਿ ਪੰਜਾਬ ਦੀ ਆਤਮਾ ਤੇ ਹਮਲਾ ਹੈ-ਨਰੇਸ਼ ਭਾਰਦਵਾਜ
Publish Date: Thu, 15 Oct 2026 06:41 PM (IST)
Updated Date: Thu, 15 Oct 2026 06:42 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਪੰਜਾਬ ’ਚ ਵੱਗ ਰਹੇ ਨਸ਼ਿਆਂ ਦੇ ਦਰਿਆਂ ਨੂੰ ਰੋਕਣ ਵਾਲੇ ਉਘੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਵਿਖੇ ਨਸ਼ਾ ਤਸਕਰਾਂ ਨੇ ਕਤਲ ਕਰ ਦਿੱਤਾ। ਇਸ ਕਤਲ ਲਈ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਪਰਵਿੰਦਰ ਝੋਟਾ ਦਾ ਕਤਲ ਸਿਰਫ਼ ਇੱਕ ਪੰਜਾਬੀ ਦਾ ਕਤਲ ਨਹੀਂ ਬਲਕਿ ਪੰਜਾਬ ਦੀ ਆਤਮਾ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ। ਸਰਕਾਰ ਆਮ ਨਾਗਰਿਕਾਂ ਦੇ ਜਾਨ, ਮਾਲ ਦੀ ਰਾਖੀ ਕਰਨ ਵਿਚ ਅਸਫਲ ਸਿੱਧ ਹੋ ਰਹੀ ਹੈ। ਭਗਵੰਤ ਮਾਨ ਜੀ, ਪੰਜਾਬੀਆਂ ’ਤੇ ਰਹਿਮ ਕਰੋ, ਅਸਤੀਫ਼ਾ ਦਿਓ ਤੇ ਪੰਜਾਬ ਨੂੰ ਬਖ਼ਸ਼ ਦਿਓ। ਉਨ੍ਹਾਂ ਮੰਗ ਕੀਤੀ ਕਿ ਪਰਮਿੰਦਰ ਝੋਟੇ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ, ਪੀੜਤ ਪਰਿਵਾਰ ਨੂੰ ਢੁੱਕਵਾਂ ਵਿੱਤੀ ਮੁਆਵਜ਼ਾ ਤੇ ਸੁਰੱਖਿਆ ਦਿੱਤੀ ਜਾਵੇ ਤੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਨਰੇਸ਼ ਭਾਰਦਵਾਜ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਤੇ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।