ਨਗਰ ਨਿਗਮ ਨੇ ਸੜਕਾਂ ਦੇ ਵੱਡੇ ਪ੍ਰੋਜੈਕਟ ਕੀਤੇ ਮੁਕੰਮਲ : ਕਲੇਰ ਨਗਰ ਨਿਗਮ ਨੇ ਐੱਮ.ਡੀ.ਐੱਫ. ਸਕੀਮ ਤਹਿਤ ਸੜਕਾਂ ਦੇ ਵੱਡੇ ਪ੍ਰੋਜੈਕਟ ਕੀਤੇ ਮੁਕੰਮਲ
Publish Date: Fri, 18 Sep 2026 09:09 PM (IST)
Updated Date: Fri, 18 Sep 2026 09:11 PM (IST)
ਮੁਕੰਮਲ ਹੋਏ ਚਾਰ ਕਾਰਜਾਂ ਤੇ 129.33 ਲੱਖ ਰੁਪਏ ਖਰਚ ਸਾਸਕੀ ਗ੍ਰਾਂਟ ਤਹਿਤ 1.5 ਕਿਲੋਮੀਟਰ ਰੇਲਵੇ ਰੋਡ ਦਾ ਹੋ ਰਿਹਾ ਵਿਕਾਸ ਪੰਜਾਬੀ ਜਾਗਰਣ ਪ੍ਰਤੀਨਿੱਧ ਕਪੂਰਥਲਾ : ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਲਿਆਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ, ਨਗਰ ਨਿਗਮ ਕਪੂਰਥਲਾ ਨੇ ਮਿਊਂਸੀਪਲ ਡਿਵੈਲਪਮੈਂਟ ਫੰਡ ਸਕੀਮ ( ਐੱਮਡੀਐੱਫ) ਤਹਿਤ ਪ੍ਰਮੁੱਖ ਸੜਕਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ, ਜਦਕਿ ਸ਼ਹਿਰ ਭਰ ਵਿੱਚ ਸੜਕ ਵਿਕਾਸ ਦੇ ਕਈ ਹੋਰ ਕੰਮ ਚੱਲ ਰਹੇ ਹਨ। ਡੀਸੀ ਚੌਕ ਤੋਂ ਸੈਨਿਕ ਸਕੂਲ ਤੋਂ ਸ਼ਿਵ ਮੰਦਰ ਚੌਕ ਤੱਕ ਤੇ ਸ਼ਾਲੀਮਾਰ ਬਾਗ ਵਿਖੇ ਸੜਕ ਨਿਰਮਾਣ ਦੇ ਕੰਮ ਮੁਕੰਮਲ ਕਰ ਲਏ ਗਏ ਹਨ। ਐੱਮਡੀਐੱਫ ਗ੍ਰਾਂਟ ਤਹਿਤ ਮੁਕੰਮਲ ਹੋਏ ਕਾਰਜਾਂ ਤੇ 129.33 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਇਸੇ ਦੌਰਾਨ, ਸਾਸਕੀ ਗ੍ਰਾਂਟ ਤਹਿਤ ਰੇਲਵੇ ਰੋਡ ਦੇ 1.5 ਕਿਲੋਮੀਟਰ ਹਿੱਸੇ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ, ਜਿਸ ਤੇ ਇਸ ਗ੍ਰਾਂਟ ਅਧੀਨ 83.23 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 13 ਵਿੱਚ ਸੀਸੀ ਫਲੋਰਿੰਗ ਵਾਲੀਆਂ ਗਲੀਆਂ ਬਣਾਉਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਸਨੀਕਾਂ ਲਈ ਬਿਹਤਰ ਨਾਗਰਿਕ ਸਹੂਲਤਾਂ ਤੇ ਵਧੇਰੇ ਸੁਵਿਧਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਹ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਿਰਮਾਣ ਦੇ ਸਾਰੇ ਕੰਮ ਨਿਰਧਾਰਿਤ ਤਕਨੀਕੀ ਵਿਸ਼ੇਸ਼ਤਾਵਾਂ ਤੇ ਗੁਣਵੱਤਾ ਦੇ ਮਿਆਰਾਂ ਅਨੁਸਾਰ ਹੀ ਮੁਕੰਮਲ ਕੀਤੇ ਜਾਣ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਤੇ ਇਨ੍ਹਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਬਾਰੀਕੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਦੌਰਾਨ ਨਿਰਧਾਰਤ ਮਿਆਰਾਂ ਨੂੰ ਬਣਾਈ ਰੱਖਣ ਤੇ ਜਨਤਕ ਫੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਅਧਿਕਾਰੀਆਂ ਅਤੇ ਫੀਲਡ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਾਰਜਾਂ ਦਾ ਬਾਕਾਇਦਾ ਨਿਰੀਖਣ ਕਰਨ ਤੇ ਕੰਮ ਦੌਰਾਨ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕਰਨ।