ਮੁੱਖ ਡਾਕ ਘਰ ਦੀ ਪਿਛਲੀ ਸੜਕ ਦੀ ਹਾਲਤ ਮਾੜੀ ਨਗਰ ਨਿਗਮ ਤੁਰੰਤ ਕਰੇ ਸਮੱਸਿਆ ਦਾ ਹੱਲ, ਕੂੜਾ ਹਟਾ ਕੇ ਟੋਏ ਨੂੰ ਕੀਤਾ ਜਾਵੇ ਠੀਕ
Publish Date: Fri, 21 Aug 2026 07:03 PM (IST)
Updated Date: Fri, 21 Aug 2026 07:06 PM (IST)
ਨਗਰ ਨਿਗਮ ਤੁਰੰਤ ਕਰੇ ਸਮੱਸਿਆ ਦਾ ਹੱਲ : ਬੰਟੀ ਵਾਲੀਆ ਕੂੜਾ ਹਟਾ ਕੇ ਟੋਏ ਨੂੰ ਕੀਤਾ ਜਾਵੇ ਠੀਕ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਮੁੱਖ ਡਾਕ ਘਰ ਦੇ ਪਿਛਲੇ ਪਾਸੇ ਤੋਂ ਲੰਘਦੀ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਇੱਕ ਪਾਸੇ ਜਿੱਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਸੜਕ ਦੇ ਧਸਣ ਕਾਰਨ ਇੱਕ ਵੱਡਾ ਟੋਆ ਬਣਿਆ ਹੋਇਆ ਹੈ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਹ ਪ੍ਰਗਟਾਵਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕੀਤਾ। ਬੰਟੀ ਵਾਲੀਆ ਨੇ ਕਿਹਾ ਕਿ ਡਾਕਖਾਨੇ ਦੀ ਪਿਛਲੀ ਸੜਕ ਫਗਵਾੜਾ ਦੀਆਂ ਮਹੱਤਵਪੂਰਨ ਲਿੰਕ ਸੜਕਾਂ ਵਿੱਚੋਂ ਇੱਕ ਹੈ ਤੇ ਇੱਥੋਂ ਦਿਨ-ਰਾਤ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਸੜਕ ਦੇ ਵਿਚਕਾਰ ਬਣਿਆ ਵੱਡਾ ਟੋਆ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ। ਖਾਸ ਕਰਕੇ ਸ਼ਾਮ ਤੇ ਰਾਤ ਸਮੇਂ ਸੜਕ ’ਤੇ ਸਟਰੀਟ ਲਾਈਟਾਂ ਦੀ ਪੂਰੀ ਵਿਵਸਥਾ ਨਾ ਹੋਣ ਕਾਰਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੂੜੇ ਦੇ ਢੇਰ ਤੇ ਦੂਜੇ ਡੂੰਘਾ ਟੋਇਆ ਸ਼ਹਿਰ ਦੀ ਸਫ਼ਾਈ ਤੇ ਬੁਨਿਆਦੀ ਸਹੂਲਤਾਂ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੀ ਸਮੇਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਕੌਂਸਲਰ ਬੰਟੀ ਵਾਲੀਆ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ, ਸੜਕ ਵਿੱਚ ਬਣੇ ਵੱਡੇ ਟੋਏ ਨੂੰ ਪਹਿਲ ਦੇ ਆਧਾਰ ’ਤੇ ਠੀਕ ਕੀਤਾ ਜਾਵੇ ਤੇ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ। ਇਸ ਦੇ ਨਾਲ ਹੀ ਇਲਾਕੇ ਵਿੱਚ ਖਰਾਬ ਜਾਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਵੀ ਠੀਕ ਕਰਕੇ ਰੌਸ਼ਨੀ ਦੀ ਪੂਰੀ ਵਿਵਸਥਾ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਜਾਂ ਹਾਦਸੇ ਦਾ ਸਾਹਮਣਾ ਨਾ ਕਰਨਾ ਪਵੇ।