ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਰਹੀ ਰੌਣਕਮਈ
ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਸਾਹਿਤਕ ਚਰਚਾਵਾਂ ਨਾਲ ਰਹੀ ਰੌਣਕਮਈ
Publish Date: Sat, 14 Feb 2026 09:34 PM (IST)
Updated Date: Sat, 14 Feb 2026 09:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਨਡਾਲਾ : ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਮਾਸਟਰ ਛਿੰਦਾ ਸਿੰਘ ਪੱਡਾ ਤੇ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਉਤਸ਼ਾਹਪੂਰਵਕ ਆਯੋਜਿਤ ਕੀਤੀ ਗਈ। ਇਸ ਮੌਕੇ ਸਾਹਿਤ, ਸਮਾਜ ਤੇ ਕਿਤਾਬਾਂ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਸਬੰਧੀ ਗੰਭੀਰ ਚਰਚਾ ਹੋਈ। ਇਸ ਮੌਕੇ ਬਲਦੇਵ ਸਿੰਘ ਪੱਡਾ ਨੇ ਕਿਹਾ ਕਿ ਸਾਹਿਤਕ ਪਿੜ ਦੇ ਮੈਂਬਰ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਮਹੱਤਵਪੂਰਣ ਯਤਨ ਕਰ ਰਹੇ ਹਨ। ਨਿਰਮਲ ਸਿੰਘ ਖੱਖ ਨੇ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਚੰਗਾ ਤੇ ਮਿਆਰੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਇੰਦਰਜੀਤ ਪੱਡਾ ਨੇ ਵੀ ਆਪਣੇ ਮਿੱਠੜੇ ਤੇ ਡੂੰਘੇ ਵਿਚਾਰਾਂ ਨਾਲ ਸਮਾਗਮ ਨੂੰ ਚਾਰ ਚੰਨ ਲਗਾਏ। ਡਾ. ਕਰਮਜੀਤ ਸਿੰਘ ਨਡਾਲਾ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ 2025 ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਗਲੇਸ਼ੀਅਰ ਪਿਘਲ ਗਿਆ’ ਹੁਣ 2026 ਵਿਚ ਹਿੰਦੀ ਭਾਸ਼ਾ ਵਿਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਅਨੁਵਾਦ ਐਡਵੋਕੇਟ ਨੀਲਮ ਨਾਰੰਗ ਵੱਲੋਂ ਬੜੀ ਮਿਹਨਤ ਨਾਲ ਕੀਤਾ ਗਿਆ ਹੈ। ਇਸ ਮੌਕੇ ਅਸ਼ੋਕ ਟਾਂਡੀ, ਵੀਕੇ ਦਿਆਲਪੁਰੀ, ਮਨੋਜ ਫਗਵਾੜਵੀ, ਨਾਨਕ ਚੰਦ ਵਿਰਲੀ, ਮਾਸਟਰ ਸੁਖਦੇਵ ਸਿੰਘ ਗੰਢਵਾਂ ਅਤੇ ਹਰਪ੍ਰੀਤ ਸਿੰਘ ਸਾਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਹਾਸਲ ਕੀਤੀ। ਇਸ ਮੌਕੇ ਡਾ. ਮੱਖਣ ਸਿੰਘ ਭੁਲੱਥ ਦੇ ਚੰਡੀਗੜ੍ਹ ਰਹਿੰਦੇ ਜੁਆਈ ਸਾਹਿਬ ਦੀ ਅਚਾਨਕ ਹੋਈ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਤੇ ਸ਼ੋਕ ਸੰਦੇਸ਼ ਪਾਸ ਕੀਤਾ ਗਿਆ। ਅੰਤ ਵਿਚ ਮਾਸਟਰ ਛਿੰਦਾ ਸਿੰਘ ਪੱਡਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤਕ ਗਤੀਵਿਧੀਆਂ ਸਮਾਜਿਕ ਜਾਗਰੂਕਤਾ ਲਈ ਬਹੁਤ ਜ਼ਰੂਰੀ ਹਨ ਤੇ ਪਿੜ ਵੱਲੋਂ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ।