ਸੰਗਰਾਂਦ ਮੌਕੇ ਗੂੰਜੇਗੀ ਗੁਰਬਾਣੀ ਦੀ ਰਸਭਿੰਨੀ ਧੁਨ ਸੰਗਰਾਂਦ ਮੌਕੇ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਗੂੰਜੇਗੀ ਗੁਰਬਾਣੀ ਦੀ ਰਸਭਿੰਨੀ ਧੁਨ
Publish Date: Tue, 15 Sep 2026 09:51 PM (IST)
Updated Date: Tue, 15 Sep 2026 09:53 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਹਰ ਮਹੀਨੇ ਦੀ ਤਰ੍ਹਾਂ ਸੰਗਰਾਂਦ ਦਾ ਦਿਹਾੜਾ ਇਸ ਵਾਰ ਵੀ ਬੜੀ ਸ਼ਰਧਾ, ਸਤਿਕਾਰ ਤੇ ਗੁਰਮਤਿ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ 15 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ, ਜਦਕਿ ਦੂਜਾ ਸ੍ਰੀ ਅਖੰਡ ਪਾਠ ਸਾਹਿਬ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਦੋਵੇਂ ਅਖੰਡ ਪਾਠ ਸਾਹਿਬ ਦੀ ਸੰਪੂਰਨਤਾਈ 17 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਹੋਵੇਗੀ । ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਸੰਪੂਰਨਤਾਈ ਉਪਰੰਤ ਸਵੇਰੇ 10 ਤੋਂ 11 ਵਜੇ ਤੱਕ ਕਥਾ ਵਿਚਾਰਾਂ ਹੋਣਗੀਆਂ। ਇਸ ਤੋਂ ਬਾਅਦ 11 ਤੋਂ 12 ਵਜੇ ਤੱਕ ਭਾਈ ਸੁਖਵਿੰਦਰ ਸਿੰਘ ਬਟਾਲਵੀ ਦਾ ਕੀਰਤਨੀ ਜਥਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਉਪਰੰਤ 12 ਤੋਂ 1 ਵਜੇ ਤੱਕ ਭਾਈ ਸੁਖਦੇਵ ਸਿੰਘ ਬੂਹ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਦੌਰਾਨ ਗੁਰੂ ਕਾ ਲੰਗਰ ਅੰਮ੍ਰਿਤ ਵੇਲੇ ਤੋਂ ਅਤੁੱਟ ਵਰਤਾਇਆ ਜਾਵੇਗਾ।