ਮਾਨ ਸਰਕਾਰ ਨੇ ਲੱਖਾਂ ਪੈਨਸ਼ਨਰਾਂ ਨਾਲ ਕੀਤਾ ਧੋਖਾ : ਵਿਜੇ ਸਾਂਪਲਾ ਮਾਨ ਸਰਕਾਰ ਨੇ ਲੱਖਾਂ ਪੈਨਸ਼ਨਰਾਂ ਨਾਲ ਕੀਤਾ ਧੋਖਾ,
Publish Date: Fri, 13 Nov 2026 06:32 PM (IST)
Updated Date: Fri, 13 Nov 2026 06:33 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਰਕਾਰ ਨੇ ਹਜ਼ਾਰਾਂ ਪੈਨਸ਼ਨਰਾਂ ਨੂੰ ਗੁਣਾਂਕ 2.59 ਤੋਂ ਵਾਂਝੇ ਰੱਖ ਕੇ ਵੱਡਾ ਧੋਖਾ ਕੀਤਾ ਹੈ ਤੇ ਸੀਨੀਅਰ ਸਿਟੀਜ਼ਨਾਂ ਦਾ ਅਪਮਾਨ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਹੈ ਕਿ ਪੰਜਾਬ ਸਰਕਾਰ ਨੇ ਸਾਢੇ ਤਿੰਨ ਲੱਖ ਦੇ ਕਰੀਬ ਪੈਨਸ਼ਨਰਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਜੋ ਸਮਾਜ ਦੇ ਸੀਨੀਅਰ ਸਿਟੀਜ਼ਨ ਹਨ, ਸਰਕਾਰ ਦੀਆਂ ਵਧੀਕੀਆਂ ਕਾਰਨ ਸੜਕਾਂ ‘ਤੇ ਰੁਲ ਰਹੇ ਹਨ। ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਨੇ ਸਿਫਾਰਸ਼ ਕੀਤੀ ਸੀ ਕਿ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਗੁਣਾਂਕ ਅੰਕ ਨਾਲ ਸੋਧੀਆਂ ਜਾਣ ਪਰ ਸਰਕਾਰ ਵੱਲੋਂ ਪੈਨਸ਼ਨਾਂ ’ਚ ਸੋਧਾਂ ਘੱਟ ਦਰ ਨਾਲ ਕਰਕੇ ਵਿੱਤੀ ਸੱਟ ਮਾਰੀ ਹੈ, ਜਿਸ ਕਾਰਨ ਪੈਨਸ਼ਨਰਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਪੈਨਸ਼ਨਰਜ਼ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਪੁੱਜੇ ਪੈਨਸ਼ਨਰਜ਼ ਨੂੰ ਸਰਕਾਰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2.59 ਗੁਣਾਂਕ ਦਾ ਲਾਭ ਨਹੀਂ ਦੇ ਰਹੀ, ਉਥੇ ਡੀਏ ਵੀ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਵਿਜੇ ਸਾਂਪਲਾ ਨੇ ਕਿਹਾ ਕਿ ਪੈਨਸ਼ਨਰਜ਼ 2.59 ਗੁਣਾਂਕ ਦੀ ਲੜਾਈ ਹਾਈਕੋਰਟ ਵਿਚ ਵੀ ਲੜ ਰਹੇ ਹਨ ਪਰ ਸਰਕਾਰ ਅੜੀਅਲ ਵਤੀਰਾ ਅਖਤਿਆਰ ਕਰੀ ਬੈਠੀ ਹੈ। ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ਦੀ ਸੂਰਤ ਵਿਚ ਪੈਨਸ਼ਨਰਾਂ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਕਰਦੇ ਰਹੇ ਹਨ ਪਰ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਇਨਸਾਫ਼ ਨਾ ਦੇ ਕੇ ਇਸ ਵਰਗ ਨਾਲ ਵੱਡਾ ਧ੍ਰੋਹ ਕਮਾਇਆ ਹੈ। ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਸੂਰਤ ‘ਚ ਪੈਨਸ਼ਨਰਾਂ ਦੀ 2.59 ਗੁਣਾਂਕ ਦੀ ਮੰਗ ਜਿਥੇ ਪੂਰੀ ਕੀਤੀ ਜਾਵੇਗੀ, ਉਥੇ ਹੋਰ ਸਾਰੇ ਜਾਇਜ਼ ਮਸਲੇ ਵੀ ਹੱਲ ਕੀਤੇ ਜਾਣਗੇ।