ਮਹਾਪ੍ਰਭਾਤ ਫੇਰੀ ਨੇ ਧਾਰਿਆ ਸ਼ੋਭਾ ਯਾਤਰਾ ਦਾ ਰੂਪ : ਨੀਟੂ
ਸ਼ਿਵ ਮੰਦਰ ਚੌੜਾ ਖੂਹ ਤੋਂ ਸਜਾਈ ਮਹਾਪ੍ਰਭਾਤ ਫੇਰੀ ਨੇ ਧਾਰਿਆ ਸ਼ੋਭਾ ਯਾਤਰਾ ਦਾ ਰੂਪ : ਨੀਟੂ
Publish Date: Sun, 15 Feb 2026 09:00 PM (IST)
Updated Date: Sun, 15 Feb 2026 09:03 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਂਸ਼ਿਵਰਾਤਰੀ ਦੇ ਸਬੰਧ ਚ ਸ਼ਿਵ ਮੰਦਰ ਚੌੜਾ ਖੂਹ ਤੋਂ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਸਜਾਈ ਜਾ ਰਹੀ ਰੋਜ਼ਾਨਾ ਪ੍ਰਭਾਤ ਫੇਰੀ ਦੇ ਆਖਰੀ ਦਿਨ ਮਹਾਂਪ੍ਰਭਾਤ ਫੇਰੀ ਸਜਾਈ ਗਈ। ਬਮ-ਬਮ ਭੋਲੇ, ਹਰਿ ਹਰਿ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ ਚ ਪ੍ਰਧਾਨ ਨੀਟੂ ਤੇ ਇੰਚਾਰਜ ਰਾਜ ਕੁਮਾਰ ਰਾਜੂ, ਦਵਿੰਦਰ ਭਗਤ ਨੇ ਪੂਜਾ ਅਰਚਨਾ ਕਰ ਕੇ ਪਾਵਨ ਪਾਲਕੀ ਨੂੰ ਸਜਾਇਆ ਤੇ ਭੋਲੇ ਸ਼ੰਕਰ ਪਰਿਵਾਰ ਨੂੰ ਬਿਠਾ ਕੇ ਆਕਾਸ਼ ਚ ਆਤਿਸ਼ਬਾਜ਼ੀ ਢੋਲ ਨਗਾਰਿਆਂ ਨਾਲ ਸ਼ਿਵ ਭੋਲੇ ਦੀ ਬਰਾਤ ਨੂੰ ਰਵਾਨਾ ਕੀਤਾ ਤਾਂ ਮਹਾਂਪ੍ਰਭਾਤ ਫੇਰੀ ਨੇ ਸ਼ੋਭਾ ਯਾਤਰਾ ਦਾ ਰੂਪ ਧਾਰਨ ਕਰ ਲਿਆ। ਸ਼ਿਵ ਭਗਤਾਂ ਦਾ ਸਵੇਰ ਸਮੇਂ ਉਮੜਿਆ ਅਥਾਹ ਸਮੁੰਦਰ ਵਿਸ਼ੇਸ਼ ਤੌਰ ਤੇ ਔਰਤਾਂ ਨੇ ਸ਼ਿਵ ਭਜਨ ਸੁਣਾ ਕੇ ਸਾਰਾ ਵਾਤਾਵਰਣ ਸ਼ਿਵਮਈ ਬਣਾ ਦਿੱਤਾ। ਭਗਵਾਨ ਸ਼ਿਵ ਪਾਰਵਤੀ ਦੇ ਰੂਪ ਚ ਸਜੇ ਕਲਾਕਾਰ ਤੇ ਨਾਲ ਸਮੂਹ ਬਰਾਤ ਰੂਪੀ ਭਗਤ ਵੱਖ-ਵੱਖ ਸ਼ਿਵਾਲਿਆਂ ਚ ਹਾਜ਼ਰੀ ਲਾਉਂਦੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਸਨ। ਮਹਾ ਪ੍ਰਭਾਤ ਫੇਰੀ ਮੌਕੇ ਮਾਂ ਕਾਲੀ, ਸ਼੍ਰੀ ਰਾਧਾ ਕ੍ਰਿਸ਼ਨ, ਭਗਵਾਨ ਸ਼ੰਕਰ ਅਤੇ ਮਾਂ ਪਾਰਵਤੀ ਦੇ ਸਰੂਪ ਵਿਚ ਸਜੇ ਕਲਾਕਾਰਾਂ ਨੇ ਵੱਖ-ਵੱਖ ਸੁੰਦਰ ਦ੍ਰਿਸ਼ ਪੇਸ਼ ਕਰਦਿਆਂ ਸ਼ਿਵ ਭਗਤਾਂ ਦਾ ਮਨ ਮੋਹ ਲਿਆ। ਮਹਾਂਸ਼ਿਵਰਾਤਰੀ ਸ਼ਿਵ ਮੰਦਰ ਚੌੜਾ ਖੂਹ ਤੋਂ ਹੁੰਦੀ ਹੋਈ ਸ਼ਿਵ ਮੰਦਰ ਚੌਕ ਚੇਲਿਆ, ਐੱਸਡੀ ਹਾਈ ਸਕੂਲ, ਸਿੰਘ ਭਵਾਨੀ ਮੰਦਰ, ਆਲੀਵਾਲਾ ਸ਼ਿਵਾਲਿਆ, ਆਸ਼ਾ ਰਾਣੀ ਮੰਦਰ, ਨਾਥਾਂ ਦਾ ਡੇਰੇ ਤੋਂ ਹੁੰਦੀ ਹੋਈ ਬੱਸ ਸਟੈਂਡ ਦੇ ਸ਼ਿਵ ਮੰਦਿਰ ਪੁੱਜੀ। ਆਸ਼ਾ ਰਾਣੀ ਮੰਦਿਰ ਪੁਜੀ ਮਹਾਂਪ੍ਰਭਾਤ ਫੇਰੀ ਦਾ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਗੋਵਿਦ ਤੇ ਪੰਡਿਤ ਦਿਨੇਸ਼ ਸ਼ਰਮਾ ਨੇ ਪਰਿਵਾਰ ਸਮੇਤ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ। ਭਜਨ ਸਮਰਾਟ ਨਰਿੰਦਰ ਨਿੰਦੀ, ਪ੍ਰਦੀਪ ਕੰਡਾ ਤੇ ਰਾਣਾ ਪ੍ਰਤਾਪ ਨੇ ਸ਼ਿਵ ਭੋਲੇ ਦੇ ਭਜਨਾਂ ਨਾਲ ਸਾਰਾ ਵਾਤਾਵਰਣ ਸ਼ਿਵਮਈ ਬਣਾ ਦਿੱਤਾ। ਇਸ ਮੌਕੇ ਪੰਡਿਤ ਗੋਵਿੰਦ ਸ਼ਰਮਾ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਸੱਚਾਈ, ਸ਼ਹਿਣਸ਼ੀਲਤਾ ਤੇ ਆਤਮਿਕ ਸ਼ਕਤੀ ਦਾ ਪ੍ਰਤੀਕ ਹੈ। ਇਸ ਮੌਕੇ ਸ਼ਿਵ ਮੰਦਿਰ ਕਮੇਟੀ ਦੇ ਪੰਕੁ, ਸ਼ੰਕਰ, ਸ਼ਿਵਮ, ਸੋਨੂ, ਰਾਜਾ, ਵਿਜੇ, ਵਿਸੁ, ਰੋਹਿਤ ਆਦਿ ਨੇ ਸ਼ਿਵ ਭਗਤਾਂ ਨੂੰ ਮਾਂ ਦੀ ਚੁੰਰੀ ਦੇ ਕੇ ਸਨਮਾਨਿਤ ਕੀਤਾ ਅਤੇ ਭਗਤਾਂ ਨੂੰ ਚਾਹ-ਪਕੌੜਿਆਂ, ਬਿਸਕੁਟ ਤੇ ਫਰੂਟ ਦੇ ਲੰਗਰ ਦੀ ਸੇਵਾ ਕੀਤੀ ਗਈ। ਉਪਰੰਤ ਪ੍ਰਭਾਤ ਫੇਰੀ ਵਾਪਸ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਸੰਪੰਨ ਹੋਈ। ਇਸ ਮੌਕੇ ਸ਼ਿਵ ਮੰਦਿਰ ਚੋੜਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ ਨੇ ਪ੍ਰਭਾਤ ਫੇਰੀਆਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਤੇ ਪ੍ਰਤੀਨਿਧੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਿੰਪਲ ਟੰਡਨ, ਅਸ਼ੋਕ ਕਨੋਜਿਆ, ਕੇਵਲ ਕ੍ਰਿਸ਼ਨ ਵਧਵਾ, ਰਾਜ ਕੁਮਾਰ ਰਾਜੂ, ਦਵਿੰਦਰ ਭਗਤ, ਨਰਿੰਦਰ ਨਿੰਦੀ, ਵਿਸੁ ਕਨੋਜਿਆ, ਪ੍ਰਦੀਪ ਕੰਡਾ, ਰਾਣਾ ਪ੍ਰਤਾਪ, ਪੰਡਿਤ ਲੱਛਮਣ ਪ੍ਰਸ਼ਾਦ, ਸੋਮ ਕਾਂਤੀ, ਸੂਫੀ ਸੰਤ ਸਮਾਜ ਦੇ ਗੁਰਦੀਪ ਮਿਸਤਰੀ, ਬਾਬਾ ਬਲੌਰੀ ਆਦਿ ਮੌਜੂਦ ਸਨ।