ਲੋਕਾਂ ਦੇ ਪਿਆਰ ਨਾਲ ਮਿਲਦੀ ਹੈ ਕੰਮ ਕਰਨ ਦੀ ਤਾਕਤ : ਪੱਡਾ ਲੋਕਾਂ ਦੇ ਪਿਆਰ ਤੋਂ ਮਿਲਦੀ ਹੈ ਕੰਮ ਕਰਨ ਦੀ ਤਾਕਤ : ਪੱਡਾ
Publish Date: Sat, 12 Sep 2026 09:25 PM (IST)
Updated Date: Sat, 12 Sep 2026 09:26 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਾਜਨੀਤੀ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਜੁਟੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ, ਖਾਸ ਕਰ ਕੇ ਸੜਕਾਂ, ਪਾਣੀ, ਸਿਹਤ ਤੇ ਹੋਰ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤੇ ਪ੍ਰਸ਼ਾਸਨ ਤੇ ਸਰਕਾਰ ਅੱਗੇ ਲੋਕਾਂ ਦੇ ਮਸਲੇ ਰੱਖ ਕੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਹਨ। ਗੱਲਬਾਤ ਦੌਰਾਨ ਪੱਡਾ ਨੇ ਕਿਹਾ ਕਿ ਮੈਨੂੰ ਇਲਾਕੇ ਦੇ ਲੋਕਾਂ ਵੱਲੋਂ ਜੋ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ, ਉਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਸੇ ਪਿਆਰ ਸਦਕਾ ਮੈਨੂੰ ਸਮਾਜਿਕ ਕੰਮਾਂ ਨੂੰ ਅੱਗੇ ਵਧਾਉਣ ਲਈ ਊਰਜਾ ਮਿਲਦੀ ਹੈ। ਜਦੋਂ ਲੋਕ ਖੁਦ ਖੜ੍ਹ ਕੇ ਸਾਡਾ ਹੌਸਲਾ ਵਧਾਉਂਦੇ ਹਨ ਤਾਂ ਕਿਸੇ ਵੀ ਔਕੜ ਨੂੰ ਪਾਰ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਉਨ੍ਹਾਂ ਕਪੂਰਥਲਾ ਹਲਕੇ ਦੀ ਸਿਆਸਤ ’ਤੇ ਨਿਸ਼ਾਨਾ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਇੱਕ ਹੀ ਪਾਰਟੀ ਦੇ ਵਿਧਾਇਕ ਸੱਤਾ ਵਿਚ ਆਏ ਪਰ ਉਨ੍ਹਾਂ ਨੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਪਰ ਅਸਲ ਵਿਕਾਸ ਕਦੇ ਨਾ ਹੋ ਸਕਿਆ। ਪੱਡਾ ਨੇ ਇਹ ਵੀ ਕਿਹਾ ਕਿ ਉਹ ਕਪੂਰਥਲਾ ਹਲਕੇ ਨੂੰ ਇਕ ਮਾਡਲ ਹਲਕਾ ਬਣਾਉਣ ਦਾ ਸੁਪਨਾ ਰੱਖਦੇ ਹਨ, ਜਿੱਥੇ ਕਿਸੇ ਨੂੰ ਕਿਸੇ ਮੁੱਢਲੀ ਸਹੂਲਤ ਲਈ ਦਰ-ਦਰ ਭਟਕਣਾ ਨਾ ਪਵੇ।