- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਖਲਵਾੜਾ ਤੋਂ ਵਾਹਦ ਨੂੰ ਜਾਣ ਵਾਲੀ ਲੰਿਕ ਸੜਕ ’ਤੇ ਤਿੰਨ ਮਹੀਨੇ ਤੋਂ ਨਹੀਂ ਪਈ ਲੁੱਕ,

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ: ਪਿੰਡ ਖਲਵਾੜਾ ਤੋਂ ਵਾਹਦ ਨੂੰ ਜਾਣ ਵਾਲੀ ਸੜਕ ’ਤੇ ਠੇਕੇਦਾਰ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਵੱਟੇ ਪਾ ਦਿੱਤੇ ਗਏ ਸਨ ਪਰ ਅਜੇ ਤੱਕ ਸੜਕ ’ਤੇ ਲੁੱਕ ਨਾ ਪਾਏ ਜਾਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦਾ ਕੰਮ ਅਧੂਰਾ ਰਹਿਣ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਸਾਈਕਲ ਸਵਾਰ ਵਿਦਿਆਰਥੀਆਂ ਲਈ ਇਹ ਰਸਤਾ ਮੁਸ਼ਕਲ ਬਣ ਗਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ’ਤੇ ਪਾਏ ਗਏ ਵੱਟਿਆਂ ਤੋਂ ਦੋਪਹੀਆ ਵਾਹਨ ਅਤੇ ਸਾਈਕਲ ਲੰਘਾਉਣੇ ਕਾਫੀ ਮੁਸ਼ਕਲ ਹੋ ਗਏ ਹਨ। ਕਈ ਵਾਰ ਸਾਈਕਲ ਅਤੇ ਦੋਪਹੀਆ ਵਾਹਨ ਸਲਿੱਪ ਹੋਣ ਕਾਰਨ ਸਵਾਰ ਸੜਕ ’ਤੇ ਡਿੱਗ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗਣ ਦੇ ਨਾਲ-ਨਾਲ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਪੰਚਾਂ-ਸਰਪੰਚਾਂ ਅਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਪਿੰਡ ਖਲਵਾੜਾ ’ਚ ਹੋਈ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਜਨਰਲ ਸਕੱਤਰ ਆਗਿਆਪਾਲ ਸਿੰਘ ਖਲਵਾੜਾ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਪੁਰਸ਼ੋਤਮ ਸਿੰਘ ਸਰਪੰਚ ਵਾਹਦ, ਧਰਮਿੰਦਰ ਕੌਰ ਸਰਪੰਚ ਬਲਾਲੋਂ, ਸਨੀ ਵਾਹਦ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕਾਲਾ ਠੇਕੇਦਾਰ ਫਤਿਹਗੜ੍ਹ ਆਦਿ ਨੇ ਦੱਸਿਆ ਕਿ ਜਦੋਂ ਤੇਜ਼ ਰਫਤਾਰ ਨਾਲ ਵੱਡੇ ਵਾਹਨ ਇਸ ਸੜਕ ਤੋਂ ਲੰਘਦੇ ਹਨ ਤਾਂ ਟਾਇਰਾਂ ਹੇਠ ਆਉਣ ਵਾਲੇ ਵੱਟੇ ਉੱਛਲ ਕੇ ਰਾਹਗੀਰਾਂ ਤੇ ਨੇੜਲੀਆਂ ਦੁਕਾਨਾਂ ਵੱਲ ਜਾ ਵੱਜਦੇ ਹਨ। ਇਸ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਮਤਾ ਪਾਸ ਕਰਦਿਆਂ ਮੰਗ ਕੀਤੀ ਗਈ ਹੈ ਕਿ ਸਬੰਧਿਤ ਠੇਕੇਦਾਰ ਵੱਲੋਂ ਇਸ ਸੜਕ ’ਤੇ ਜਲਦ ਤੋਂ ਜਲਦ ਲੁੱਕ ਪਾ ਕੇ ਕੰਮ ਮੁਕੰਮਲ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਕੰਮ ਤੁਰੰਤ ਮੁਕੰਮਲ ਨਾ ਕੀਤਾ ਗਿਆ ਤਾਂ ਸਬੰਧਿਤ ਠੇਕੇਦਾਰ ਤੇ ਵਿਭਾਗ ਖਿਲਾਫ ਤਗੜਾ ਸੰਘਰਸ਼ ਵਿੱਢਿਆ ਜਾਵੇਗਾ। ਪੰਚਾਂ-ਸਰਪੰਚਾਂ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਹੁੰਦੀ ਹੈ ਤੇ ਇਸ ਤਰ੍ਹਾਂ ਕੰਮ ਅਧੂਰਾ ਛੱਡੇ ਜਾਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਹਰ ਹਾਦਸੇ ਤੇ ਸੰਘਰਸ਼ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਤੇ ਠੇਕੇਦਾਰ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਸੜਕ ’ਤੇ ਤੁਰੰਤ ਲੁੱਕ ਪਾ ਕੇ ਇਸ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਇਆ ਜਾਵੇ।