ਭਾਸ਼ਾ ਵਿਭਾਗ ਪੰਜਾਬ ਨੇ ਕਰਵਾਈ ਸਾਹਿਤਕ ਗੋਸ਼ਟੀ ਭਾਸ਼ਾ ਵਿਭਾਗ ਪੰਜਾਬ ਨੇ ‘ਗੁਰੂ ਨਾਨਕ ਬਾਣੀ ਦਾ ਭਾਸ਼ਾਈ ਪ੍ਰਸੰਗ’ ਵਿਸ਼ੇ ’ਤੇ ਕਰਵਾਈ ਸਾਹਿਤਕ ਗੋਸ਼ਟੀ
Publish Date: Fri, 13 Nov 2026 07:32 PM (IST)
Updated Date: Fri, 13 Nov 2026 07:33 PM (IST)
‘ਗੁਰੂ ਨਾਨਕ ਬਾਣੀ ਦਾ ਭਾਸ਼ਾਈ ਪ੍ਰਸੰਗ’ ਵਿਸ਼ੇ ’ਤੇ ਹੋਈ ਗੋਸ਼ਟੀ ਕੁਲਬੀਰ ਸਿੰਘ ਮਿੰਟੂ\ਲਖਬੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਅੱਜ ਇੱਥੇ ਨਿਰਮਲ ਕੁਟੀਆ ਵਿਖੇ ‘ਗੁਰੂ ਨਾਨਕ ਬਾਣੀ ਦੇ ਭਾਸ਼ਾਈ ਪ੍ਰਸੰਗ’ ਵਿਸ਼ੇ ’ਤੇ ਰਾਜ ਪੱਧਰੀ ਸਾਹਿਤਕ ਗੋਸ਼ਟੀ ਕਰਵਾਈ ਗਈ, ਜਿਸ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਗੁਰੂ ਜੀ ਦੀ ਬਾਣੀ ਦੇ ਵੱਖ-ਵੱਖ ਭਾਸ਼ਾਈ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ। ਗੋਸ਼ਟੀ ਦੌਰਾਨ ਮੁੱਖ ਮਹਿਮਾਨ ਵਜੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਡਾ. ਬਲਜੀਤ ਕੌਰ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ। ਇਸ ਮੌਕੇ ਡਾ. ਆਸਾ ਸਿੰਘ ਘੁੰਮਣ ਤੇ ਪ੍ਰੋ. ਅਵਤਾਰ ਸਿੰਘ ਫਗਵਾੜਾ ਨੇ ਮੁੱਖ ਬੁਲਾਰਿਆਂ ਵਜੋਂ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਆਯੋਜਿਤ ਇਸ ਸਮਾਗਮ ਦਾ ਆਰੰਭ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਨ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਮਹਾਨਤਾ ਉਸ ਦੀ ਪ੍ਰਸਿੱਧੀ ਵਿੱਚ ਨਹੀਂ ਹੁੰਦੀ। ਸਗੋਂ ਉਸ ਦੁਆਰਾ ਨਿੱਜੀ ਜੀਵਨ ਦੇ ਸਮਾਂਤਰ ਸਮਾਜ ਲਈ ਨਿਭਾਈਆਂ ਜ਼ਿੰਮੇਵਾਰੀਆਂ ਉਸ ਦੀ ਮਹਾਨਤਾ ਦਾ ਪ੍ਰਤੀਕ ਬਣਦੀਆਂ ਹਨ ਤੇ ਦੁਨੀਆ ਸਦਾ ਲਈ ਯਾਦ ਕਰਦੀ ਹੈ। ਇਹ ਧਾਰਨਾ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਪੂਰੀ ਢੁਕਦੀ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਦੁਨੀਆ ਨੂੰ ਆਪਣੇ ਵਿਚਾਰਾਂ ਨਾਲ ਸੇਧ ਦੇਣ ’ਤੇ ਲਗਾ ਦਿੱਤਾ। ਇਸੇ ਕਰਕੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ ਗੁਰੂ ਸਾਹਿਬ ਦੀ ਮਹਾਨਤਾ ਕਾਇਮ ਰਹੇਗੀ। ਜ਼ਫ਼ਰ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਗੁਰੂ ਸਾਹਿਬ ਦੇ ਸੱਚੇ ਉਪਾਸ਼ਕ ਹਨ ਤੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਰਹੇ ਹਨ। ਉਹ ਧਾਰਮਿਕ ਤੇ ਵਾਤਾਵਰਣ ਦੇ ਖੇਤਰ ’ਚ ਸਰਗਰਮ ਹਨ, ਇਹੀ ਲੋਕਾਈ ਪ੍ਰਤੀ ਸੱਚੀ ਸੁੱਚੀ ਜ਼ਿੰਮੇਵਾਰੀ ਹੈ। ਜ਼ਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਖ-ਵੱਖ ਸ਼ਖ਼ਸੀਅਤਾਂ ਦੀਆਂ ਰਚਨਾਵਾਂ ਦੀ ਚਰਚਾ ਭਾਸ਼ਾਈ ਪੱਖਾਂ ਤੋਂ ਕਰਨ ਲਈ ਉਨ੍ਹਾਂ ਦੀ ਜਨਮ ਜਾਂ ਕਰਮ ਭੂਮੀ ’ਤੇ ਜਾ ਕੇ ਕਰ ਰਿਹਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਚਰਚਾ ਕਰਨ ਲਈ ਸੁਲਤਾਨਪੁਰ ਲੋਧੀ ਦੀ ਚੋਣ ਕੀਤੀ ਤੇ ਇਸ ਤੋਂ ਬਿਹਤਰ ਸਥਾਨ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੌਰਾਨ ਪੂਰਾ ਮਹੀਨਾ ਰਾਜ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਜਾ ਕੇ ਭਿੰਨ-ਭਿੰਨ ਵਿਸ਼ਿਆਂ ’ਤੇ ਸਮਾਗਮ ਕਰਵਾ ਰਿਹਾ ਹਾਂ। ਇਸ ਉਪਰੰਤ ਮੁੱਖ ਬੁਲਾਰੇ ਡਾ. ਆਸਾ ਸਿੰਘ ਘੁੰਮਣ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸੰਦਰਭ ਵਿੱਚ ਵਾਤਾਵਰਣ ਤੇ ਵੇਈ ਪ੍ਰਵੇਸ਼ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਨਾਨਕ ਜੀ ਦੇ ਜੀਵਨ ਦੌਰਾਨ ਕੁਝ ਨਾ ਕੁਝ ਅਲੌਕਿਕ ਜ਼ਰੂਰ ਵਾਪਰਿਆ ਹੋਇਆ ਹੋਵੇਗਾ। ਕੁਝ ਸਾਹਿਤਕਾਰਾਂ ਨੇ ਗੁਰੂ ਜੀ ਨੂੰ ਇੱਥੇ ਜਲ ਸਮਾਧੀ ਲਗਾਉਣ ਬਾਰੇ ਗੱਲ ਕੀਤੀ ਹੈ ਤੇ ਕੁਝ ਨੇ ਵੇਈ ਪ੍ਰਵੇਸ਼ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਵੱਖ-ਵੱਖ ਵਿਦਵਾਨਾਂ ਦੇ ਗੁਰੂ ਸਾਹਿਬ ਦੀ ਬਾਣੀ ਬਾਰੇ ਤਰਕ ਤੇ ਵਿਚਾਰ ਵੀ ਸਾਂਝੇ ਕੀਤੇ। ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ, ਕਰਤਾਰਪੁਰ ਸਾਹਿਬ ਤੇ ਉਦਾਸੀਆਂ ’ਚ ਗੁਜ਼ਾਰਿਆ, ਜਿਸ ਕਰਕੇ ਉਨ੍ਹਾਂ ਦੀ ਭਾਸ਼ਾ ਬਹੁਤ ਸਾਰੇ ਖਿੱਤਿਆਂ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸ ਦਾ ਸਪੱਸ਼ਟ ਅਸਰ ਉਨ੍ਹਾਂ ਦੀ ਬਾਣੀ ’ਤੇ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ’ਚ ਇੱਕ ਸ਼ਬਦ ਨੂੰ ਇੱਕ ਵਾਕ ’ਚ ਕਈ-ਕਈ ਵਾਰ ਵਰਤਿਆ ਗਿਆ ਹੈ ਤੇ ਹਰ ਵਾਰ ਵੱਖਰੇ ਅਰਥ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਰੂ ਸਾਹਿਬਾਨਾਂ ਨੇ ਭਾਸ਼ਾ ਪ੍ਰਤੀ ਕਿਧਰੇ ਵੀ ਕੋਈ ਸਿਧਾਂਤ ਜਾਂ ਬੰਦਿਸ਼ ਨਹੀਂ ਲਗਾਈ ਸਗੋਂ ਖੁੱਲ੍ਹਦਿਲੀ ਨਾਲ ਹਰ ਖਿੱਤੇ ਦੀ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਭਾਸ਼ਾ ਨੂੰ ਬੰਦਿਸ਼ਾਂ ’ਚ ਬੰਨਿਆ ਜਾਵੇ ਤਾਂ ਉਹ ਆਮ ਲੋਕਾਂ ਦੀ ਭਾਸ਼ਾ ਨਹੀਂ ਰਹਿੰਦੀ ਤੇ ਖਤਮ ਹੋ ਜਾਂਦੀ ਹੈ। ਡਾ. ਬਲਜੀਤ ਕੌਰ ਨੇ ਪ੍ਰਧਾਨਗੀ ਭਾਸ਼ਨ ਦੌਰਾਨ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਭਾਸ਼ਾ ਰਾਹੀਂ ਇੱਕ ਆਦਰਸ਼ ਸਿਰਜਿਆ। ਜੋ ਧਾਰਮਿਕ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਵੀ ਸਾਰਥਕਤਾ ਰੱਖਦਾ ਹੈ। ਗੁਰ ਸਾਹਿਬ ਦੀ ਬਾਣੀ ਭਾਵੇਂ ਇੱਕ ਧਾਰਮਿਕ ਰਚਨਾ ਹੈ ਪਰ ਇਸ ਦਾ ਮੂਲ ਅਧਾਰ ਭਾਸ਼ਾ ਹੀ ਹੈ। ਭਾਸ਼ਾ ਮਨੁੱਖ ਨੂੰ ਸ਼੍ਰਿਸ਼ਟੀ ਦੇ ਹੋਰਨਾਂ ਜੀਵਾਂ ਨਾਲੋਂ ਵਿਲੱਖਣਤਾ ਪ੍ਰਧਾਨ ਕਰਦੀ ਹੈ ਤੇ ਮਨੁੱਖਤਾ ਨੂੰ ਅੱਗੇ ਵਧਾਉਂਦੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਭਾਸ਼ਾ ਸਬੰਧੀ ਚਰਚਾ ਦੀ ਜੋ ਸ਼ੁਰੂਆਤ ਕੀਤੀ ਹੈ ਉਸ ਨੂੰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਮੁੱਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਆਪਣੀ ਮਾਤ ਭਾਸ਼ਾ ਨਹੀਂ ਸਮਝਦਾ ਤਾਂ ਉਸ ਲਈ ਹੋਰਨਾਂ ਭਾਸ਼ਾਵਾਂ ਨੂੰ ਸਮਝਣਾ ਬਹੁਤ ਔਖਾ ਹੈ। ਉਨ੍ਹਾਂ ਦੱਸਿਆ ਕਿਵੇਂ ਪੰਜਾਬੀ ਭਾਸ਼ਾ ਨੂੰ ਸੰਸਦ ’ਚ ਲਾਗੂ ਕਰਵਾਉਣ ਲਈ ਉੱਦਮ ਕੀਤਾ, ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਕਿ ਦੇਸ਼ ਦੀਆਂ 22 ਹੋਰਨਾਂ ਖੇਤਰੀ ਭਾਸ਼ਾਵਾਂ ਨੂੰ ਵੀ ਸੰਸਦ ’ਚ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਦੀ ਬਾਣੀ ਦੱਸਦੀ ਹੈ ਕਿ ਸਾਨੂੰ ਆਪਣੇ ਗਿਆਨ ’ਚ ਵਾਧਾ ਕਰਨ ਲਈ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਸੇ ਕਰਕੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਖ਼ੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਮਹਿਮਾਨਾਂ ਤੇ ਬੁਲਾਰਿਆਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਸੁੰਨੜ, ਪ੍ਰਿੰ. ਸੁਖਜੀਤ ਸਿੰਘ, ਮਾਧਵੀ ਅਗਰਵਾਲ, ਜਸਵੰਤ ਸਿੰਘ ਸੰਧੂ, ਡਾ. ਬਲਵੀਰ ਕੌਰ ਪੰਧੇਰ, ਕਵੀ ਸੰਤ ਸੰਧੂ, ਰਾਮ ਮੂਰਤੀ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਅੰਕੁਸ਼ ਕੁਮਾਰ ਆਦਿ ਹਾਜ਼ਰ ਸਨ।