ਛੱਠ ਮਹਾਪਰਵ ’ਤੇ ਖਰਨਾ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਛੱਠ ਮਹਾਪਰਵ ਦੇ ਦੂਜੇ ਦਿਨ ਖਰਨਾ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
Publish Date: Sat, 14 Nov 2026 08:24 PM (IST)
Updated Date: Sat, 14 Nov 2026 08:27 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਕ ਆਸਥਾ ਦਾ ਮਹਾਪਰਵ ਛੱਠ ਸ਼ਨੀਵਾਰ, 14 ਨਵੰਬਰ ਨੂੰ ਦੂਜੇ ਦਿਨ ਖਰਨਾ ਦੀ ਪਰੰਪਰਾ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਪੂਰੀ ਪਵਿੱਤਰਤਾ ਤੇ ਵਿਧੀ-ਵਿਧਾਨ ਨਾਲ ਛੱਠ ਮਾਤਾ ਦੀ ਪੂਜਾ-ਅਰਚਨਾ ਕੀਤੀ। ਛੱਠ ਮਹਾਪਰਵ ਦੇ ਦੂਜੇ ਦਿਨ ਖਰਨਾ ਦੀ ਰਸਮ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਫ਼ਾਈ ਕਰਦੇ ਹਨ ਤੇ ਇਸ਼ਨਾਨ ਕਰਕੇ ਘਰ ਨੂੰ ਪਵਿੱਤਰ ਕਰਦੇ ਹਨ। ਇਸ ਤੋਂ ਬਾਅਦ ਪੂਰੀ ਪਵਿੱਤਰਤਾ ਤੇ ਸਾਤਵਿਕਤਾ ਦਾ ਧਿਆਨ ਰੱਖਦੇ ਹੋਏ ਦਿਨ ਭਰ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਰਾਤ ਕਰੀਬ 8 ਵਜੇ ਪ੍ਰਸਾਦ ਵਜੋਂ ਗੁੜ ਤੇ ਚੌਲਾਂ ਦੀ ਖੀਰ, ਦੇਸੀ ਘਿਓ ਦੀਆਂ ਰੋਟੀਆਂ, ਫਲ, ਮੂਲੀ ਤੇ ਮਠਿਆਈਆਂ ਤਿਆਰ ਕੀਤੀਆਂ ਗਈਆਂ। ਇਸ ਉਪਰੰਤ ਛੱਠ ਮਾਤਾ ਦੀ ਪੂਜਾ-ਅਰਚਨਾ ਕਰਕੇ ਭੋਗ ਲਗਾਇਆ ਗਿਆ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸ਼ਰਧਾ ਨਾਲ ਪ੍ਰਸਾਦ ਗ੍ਰਹਿਣ ਕੀਤਾ। ਛੱਠ ਪੂਜਾ ਵਿੱਚ ਸਫ਼ਾਈ, ਸੰਜਮ, ਪਵਿੱਤਰਤਾ ਤੇ ਕੁਦਰਤ ਪ੍ਰਤੀ ਆਸਥਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਪੰਜਾਬ ਇੰਟਕ ਦੇ ਉਪ ਪ੍ਰਧਾਨ ਸੁਨੀਲ ਪਾਂਡੇ ਨੇ ਦੱਸਿਆ ਕਿ ਛੱਠ ਮਹਾਪਰਵ ਬਿਹਾਰ, ਝਾਰਖੰਡ ਤੇ ਪੂਰਵਾਂਚਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਨਹਾਏ-ਖਾਏ ਤੋਂ ਬਾਅਦ ਖਰਨਾ, ਡੁੱਬਦੇ ਸੂਰਜ ਨੂੰ ਅਰਘ ਦੇਣ ਅਤੇ ਅਗਲੀ ਸਵੇਰ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਪਰੰਪਰਾ ਨਿਭਾਈ ਜਾਵੇਗੀ। ਇਸ ਮੌਕੇ ਸੁਨੀਲ ਪਾਂਡੇ ਤੋਂ ਇਲਾਵਾ ਬਸੰਤੀ ਦੇਵੀ, ਚੰਦਨ ਪਾਂਡੇ, ਅੰਕੇਸ਼ ਪਾਂਡੇ, ਮੰਜੂ ਕੁਮਾਰੀ, ਜੋਤੀ ਕੁਮਾਰੀ, ਵਿਸ਼ਨੂੰ ਪਾਂਡੇ ਅਤੇ ਸਮਰਥ ਕੁਮਾਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਸਾਰਿਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਛੱਠ ਮਹਾਪਰਵ ਦੀਆਂ ਤਿਆਰੀਆਂ ਵਿੱਚ ਭਾਗ ਲਿਆ।