ਯੋਗਾ ਤੇ ਸਾਈਕਲਿੰਗ ਟੀਮ ਨੇ 45 ਬੂਟੇ ਲਗਾਏ ਕਾਲਾ਼ ਸੰਘਿਆਂ ਦੀ ਯੋਗਾ ਤੇ ਸਾਈਕਲਿੰਗ ਟੀਮ ਨੇ ਫੁੱਟਬਾਲ ਮੈਦਾਨ ’ਚ 45 ਟਰਮੇਲੀਆ ਦੇ ਬੂਟੇ ਲਗਾਏ
Publish Date: Fri, 25 Sep 2026 09:26 PM (IST)
Updated Date: Fri, 25 Sep 2026 09:27 PM (IST)
ਵਾਤਾਵਰਣ ਦੀ ਸ਼ੁੱਧਤਾ ਲਈ ਪੰਚਾਇਤਾਂ ’ਤੇ ਹੋਰ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਪਾਲਣੇ ਚਾਹੀਦੇ : ਬਾਲਯੋਗੀ ਬਾਬਾ ਪ੍ਰਗਟ ਨਾਥ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪਿਛਲੇ ਕਰੀਬ ਦੋ ਸਾਲਾਂ ਤੋਂ ਸਥਾਨਕ ਕਸਬੇ ਦੀ ਯੋਗਾ ਤੇ ਸਾਈਕਲਿੰਗ ਟੀਮ ਵੱਲੋਂ ਲੋਕਾਂ ਨੂੰ ਯੋਗਾ, ਕਸਰਤ, ਸੈਰ ਆਦਿ ਸਰੀਰਕ ਗਤੀਵਿਧੀਆਂ ਨਾਲ਼ ਤੰਦਰੁਸਤ ਰਹਿਣ ਲਈ ਰੋਜ਼ਾਨਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਗਰੂਕ ਕਰਨ ਦੇ ਨਾਲ-ਨਾਲ ਹੋਰ ਸਮਾਜ ਭਲਾਈ, ਵਾਤਾਵਰਣ ਦੀ ਸੰਭਾਲ ਸਮੇਤ ਅਨੇਕਾਂ ਕਾਰਜਾਂ ਕਰਕੇ ਇਲਾਕੇ ਵਿੱਚ ਵਾਹੋਵਾਹੀ ਖੱਟ ਰਹੀ ਹੈ। ਇਸੇ ਟੀਮ ਵੱਲੋਂ ਕਾਲਾ਼ ਸੰਘਿਆਂ ਦੇ ਫੁੱਟਬਾਲ ਮੈਦਾਨ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਖਾ਼ਸ ਕਿਸਮ ਦੇ ਬੂਟੇ ਲਗਾਏ ਗਏ। ਇਸ ਮੌਕੇ ਬਾਲਯੋਗੀ ਬਾਬਾ ਪ੍ਰਗਟ ਨਾਥ ਮੁੱਖ ਸੰਚਾਲਕ ਡੇਰਾ ਬਾਬਾ ਲਾਲ ਨਾਥ ਜੀ ਰਹੀਮਪੁਰ ਵਾਲਿਆਂ ਨੂੰ ਟੀਮ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਯੋਗਾ ਤੇ ਸਾਈਕਲਿੰਗ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਕਾਲਾ਼ ਸੰਘਿਆਂ ਯੋਗਾ ਟੀਮ ਤੇ ਸਾਈਕਲਿੰਗ ਟੀਮ ਵਾਂਗੂ ਹੋਰ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨ ਕਲੱਬਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਫ਼-ਸੁਥਰੇ ਵਾਤਾਵਰਣ ਨਾਲ਼ ਲੋਕ ਸਿਹਤਮੰਦ ਰਹਿਣਗੇ। ਕਾਲ਼ਾ ਸੰਘਿਆਂ ਦੇ ਸਰਪੰਚ ਤੇ ਸਾਈਕਲਿੰਗ ਤੇ ਯੋਗਾ ਟੀਮ ਦੇ ਮੈਂਬਰ ਮਨਿੰਦਰਪਾਲ ਸਿੰਘ ਮੰਨਾ ਨੇ ਦੱਸਿਆ ਕਿ ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਜੀ ਦੇ ਅਸ਼ੀਰਵਾਦ ਦੇ ਨਾਲ ਤੇ ਟੀਮ ਵੱਲੋਂ ਪਿੰਡ ਵਾਸੀਆਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਸ਼ੁੱਭ ਆਗਾਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਵਿੱਚ ਭਾਵੇਂ ਹਰ ਰਾਜਨੀਤਕ ਪਾਰਟੀ ਦੇ ਆਗੂ ਹਨ ਪਰ ਸਾਡੀ ਟੀਮ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉਪਰ ਉੱਠ ਕੇ ਸਮਾਜਿਕ ਕਾਰਜਾਂ ਵਿੱਚ ਹਿੱਸੇ ਲੈ ਰਹੀ ਹੈ ਤੇ ਅੱਜ ਵੀ ਅਸੀਂ 45 ਬੂਟੇ ਟਰਮੇਲੀਆ ਕਿਸਮ ਦੇ ਲਗਾਏ ਗਏ ਹਨ, ਜਿਨ੍ਹਾਂ ਦੀ ਕੀਮਤ ਭਾਵੇਂ ਪ੍ਰਤੀ ਬੂਟਾ 1000 ਰੁਪਏ ਹੈ ਤੇ ਉਨ੍ਹਾਂ ਨੂੰ ਇਹ ਬੂਟੇ 850 ਰੁਪਏ ਪ੍ਰਤੀ ਬੂਟਾ ਦੇ ਹਿਸਾਬ ਨਾਲ ਮਿਲ ਗਏ ਹਨ। ਸਰਪੰਚ ਮੰਨਾ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ਼ ਇਨ੍ਹਾਂ ਦਾ ਪਾਲਣ ਪੋਸ਼ਣ ਜਿਆਦਾ ਜ਼ਰੂਰੀ ਹੈ ਤੇ ਇਸੇ ਲਈ ਸਾਡੀ ਟੀਮ ਦੇ ਹੋਰਨਾਂ ਮੈਂਬਰਾਂ ਦੇ ਨਾਲ਼ ਨਾਲ਼ ਮੈਂਬਰ ਸ਼ੌਕਤ ਅਲੀ ਵੱਲੋਂ ਇਹ ਸੇਵਾ ਨਿਭਾਈ ਜਾਵੇਗੀ। ਯੋਗਾ ਗੁਰੂ ਪੰਡਿਤ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਪ੍ਰਮਾਤਮਾ ਵੱਲੋਂ ਮਿਲੇ ਜੀਵਨ ਨੂੰ ਮਨੁੱਖਤਾ ਦੇ ਭਲੇ ਲਈ ਲਗਾਉਣਾ ਹੈ। ਨੰਬਰਦਾਰ ਤੇ ਸਾਬਕਾ ਸਰਪੰਚ ਸੰਜੀਵ ਕੁਮਾਰ ਹੈਪੀ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬਾਬਾ ਜੀਵਨ ਨਾਥ ਬਠਿੰਡਾ, ਆਪ ਆਗੂ ਤੇ ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਸਾਬਕਾ ਸਰਪੰਚ ਸੁਰਜੀਤ ਲਾਲ ਬਿੱਟੂ, ਜਸਵੀਰ ਸਿੰਘ ਜੌਲੀ ਟੇਲਰ ਕਾਲਾ ਸੰਘਿਆਂ, ਸਮਾਜ ਸੇਵਕ ਮਨਜੀਤ ਸਿੰਘ ਸੋਹਲ, ਸੁਖਵਿੰਦਰ ਸਿੰਘ ਚਾਹਲ ਜਨਰਲ ਸਕੱਤਰ ਕਾਂਗਰਸ ਕਪੂਰਥਲਾ, ਜੋਗਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਕਾਹਨ ਦਾਸ ਕਮੇਟੀ, ਹਰਪਾਲ ਸਿੰਘ ਪਾਲਾ ਟੇਲਰ, ਡਾ. ਬਲਕਾਰ ਸਿੰਘ ਲਾਲਕਾ, ਮਾ. ਦਵਿੰਦਰ ਸ਼ਰਮਾ, ਸ਼ੌਕਤ ਅਲੀ, ਸੁਖਵਿੰਦਰ ਸਿੰਘ ਆਧੀ, ਰਾਮ ਜੀ, ਰਾਜੇਸ਼ ਕੁਮਾਰ ਰਾਜੂ ਪੰਡਿਤ, ਮਾਸਟਰ ਸ਼ਾਮ ਕੁਮਾਰ ਸ਼ਰਮਾ ਤੇ ਵਿਸ਼ਾਲ ਜੋਸ਼ੀ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।