ਯੂਨੀਵਰਸਿਟੀ ਕਾਲਜ ਦੀ ਕਬੱਡੀ ਟੀਮ ਨੇ ਜਿੱਤੀ ਚੈਂਪੀਅਨਸ਼ਿਪ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ
Publish Date: Mon, 02 Nov 2026 08:40 PM (IST)
Updated Date: Mon, 02 Nov 2026 08:41 PM (IST)
ਚਾਰ ਖਿਡਾਰਨਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੰਟਰ-ਯੂਨੀਵਰਸਿਟੀ ਟੀਮ ਲਈ ਹੋਈ ਚੋਣ; ਕਾਲਜ ਵਿੱਚ ਖੁਸ਼ੀ ਦੀ ਲਹਿਰ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਫੱਤੂਢੀਂਗਾ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਅੰਤਰ-ਕਾਲਜ ਕਬੱਡੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਟੀਮ ਦੀਆਂ ਖਿਡਾਰਨਾਂ ਨੇ ਆਪਣੀ ਬਿਹਤਰੀਨ ਖੇਡ, ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸ਼ਾਨਦਾਰ ਤਾਲਮੇਲ ਸਦਕਾ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਕਾਲਜ ਨੂੰ ਇਹ ਵੱਡਾ ਮਾਣ ਦਿਵਾਇਆ। ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ੁਸ਼ੀ ਨੂੰ ਹੋਰ ਵੀ ਵਧਾਉਂਦਿਆਂ ਕਾਲਜ ਦੀਆਂ ਚਾਰ ਹੋਣਹਾਰ ਖਿਡਾਰਨਾਂ ਪ੍ਰਵੀਨ ਕੌਰ, ਨੇਹਾ ਦਾਸੀਕੇ, ਜਸਪ੍ਰੀਤ ਕੌਰ ਤੇ ਨਰਿੰਦਰ ਕੌਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੰਟਰ-ਯੂਨੀਵਰਸਿਟੀ ਕਬੱਡੀ ਟੀਮ ਲਈ ਚੋਣ ਹੋਈ ਹੈ। ਇਹ ਪ੍ਰਾਪਤੀ ਖਿਡਾਰਨਾਂ ਦੀ ਖੇਡ ਪ੍ਰਤਿਭਾ ਤੇ ਮਿਹਨਤ ਦਾ ਪ੍ਰਮਾਣ ਹੋਣ ਦੇ ਨਾਲ-ਨਾਲ ਕਾਲਜ ਲਈ ਵੀ ਵਿਸ਼ੇਸ਼ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਦੀ ਟੀਮ ਵਿੱਚ ਜਗ੍ਹਾ ਬਣਾਉਣਾ ਇਨ੍ਹਾਂ ਖਿਡਾਰਨਾਂ ਦੀ ਖੇਡ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜੇਤੂ ਟੀਮ ਤੇ ਚੁਣੀਆਂ ਗਈਆਂ ਚਾਰੋਂ ਖਿਡਾਰਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੋਹਰੀ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਕਾਲਜ ਵਿਖੇ ਬੇਹੱਦ ਉਤਸ਼ਾਹਪੂਰਨ ਮਾਹੌਲ ਦੇਖਣ ਨੂੰ ਮਿਲਿਆ। ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਖ਼ੁਸ਼ੀ ਸਾਂਝੀ ਕਰਦਿਆਂ ਜੇਤੂ ਖਿਡਾਰਨਾਂ ਦਾ ਹੌਸਲਾ ਵਧਾਇਆ ਗਿਆ ਤੇ ਇਸ ਪ੍ਰਾਪਤੀ ਨੂੰ ਮਾਣ ਨਾਲ ਮਨਾਇਆ ਗਿਆ। ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੀ ਇਹ ਪ੍ਰਾਪਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਸਥਾ ਸਿਰਫ਼ ਅਕਾਦਮਿਕ ਖੇਤਰ ਵਿੱਚ ਹੀ ਨਹੀਂ, ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਨਵੀਆਂ ਉਚਾਈਆਂ ਛੂਹ ਰਹੀ ਹੈ। ਕਾਲਜ ਦੀ ਟੀਮ ਵੱਲੋਂ ਚੈਂਪੀਅਨਸ਼ਿਪ ਜਿੱਤਣਾ ਤੇ ਚਾਰ ਖਿਡਾਰਨਾਂ ਵੱਲੋਂ ਯੂਨੀਵਰਸਿਟੀ ਦੀ ਟੀਮ ਵਿੱਚ ਸਥਾਨ ਹਾਸਲ ਕਰਨਾ ਸਮੁੱਚੇ ਕਾਲਜ ਲਈ ਮਾਣਮੱਤਾ ਪਲ ਹੈ।