ਰਾਜ ਸਭਾ ਵਿੱਚ ਗੂੰਜਿਆ ਰੁੱਖਾਂ ਦੀ ਸੁਰੱਖਿਆ ਦਾ ਮੁੱਦਾ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਰੁੱਖਾਂ ਦੀ ਸੁਰੱਖਿਆ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ
Publish Date: Thu, 06 Aug 2026 09:59 PM (IST)
Updated Date: Thu, 06 Aug 2026 10:01 PM (IST)
ਸੰਤ ਸੀਚੇਵਾਲ ਦੇ ਸਵਾਲ ਤੇ ਕੇਂਦਰ ਦਾ ਜੁਆਬ,‘ਬਿਨਾਂ ਲੋੜ ਨਹੀਂ ਕੱਟੇ ਜਾਣਗੇ ਰੁੱਖ’ ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਵੱਡੇ, ਪੁਰਾਣੇ ਤੇ ਵਿਰਾਸਤੀ ਰੁੱਖਾਂ ਦੀ ਸੁਰੱਖਿਆ ਦਾ ਮੁੱਦਾ ਰਾਜ ਸਭਾ ਵਿੱਚ ਗੰਭੀਰਤਾ ਨਾਲ ਉਠਾਇਆ ਗਿਆ, ਜਿਸਦੇ ਜੁਆਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਵਿਕਾਸ ਕਾਰਜਾਂ ਦੌਰਾਨ ਹੁਣ ਬਿਨਾਂ ਲੋੜ ਰੁੱਖਾਂ ਦੀ ਕਟਾਈ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਸਪੱਸ਼ਟ ਕੀਤਾ ਕਿ ਜਿੱਥੇ ਵੀ ਸੰਭਵ ਹੋਵੇਗਾ, ਉੱਥੇ ਬਦਲਵੇਂ ਇੰਜੀਨੀਅਰਿੰਗ ਡਿਜ਼ਾਈਨ, ਹਾਈਵੇਅ ਅਲਾਈਨਮੈਂਟ ਵਿੱਚ ਤਬਦੀਲੀ ਤੇ ਟ੍ਰੀ-ਟਰਾਂਸਪਲਾਂਟੇਸ਼ਨ ਵਰਗੇ ਉਪਾਵਾਂ ਰਾਹੀਂ ਰੁੱਖਾਂ ਨੂੰ ਬਚਾਉਣ ਨੂੰ ਪਹਿਲ ਦਿੱਤੀ ਜਾਵੇਗੀ। ਰਾਜ ਸਭਾ ਵਿੱਚ ਸੰਤ ਸੀਚੇਵਾਲ ਨੇ ਆਪਣੇ ਲਿਖਤੀ ਸਵਾਲ ਰਾਹੀ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਦੌਰਾਨ ਪੁਰਾਣੇ ਦਰੱਖਤਾਂ ਨੂੰ ਬਚਾਉਣ ਲਈ ਕੀ ਬਦਲਵੇਂ ਇੰਜੀਨੀਅਰਿੰਗ ਹੱਲ ਅਪਣਾਏ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਜਾਣਕਾਰੀ ਮੰਗੀ ਸੀ ਕਿ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੁਆਵਜ਼ਾ ਵਣੀਕਰਨ ਦੀ ਕੀ ਨੀਤੀ ਹੈ ਤੇ ਰਾਸ਼ਟਰੀ ਮਾਰਗਾਂ ਦੇ ਨਾਲ ਗ੍ਰੀਨ ਬੈਲਟਾਂ ਤੇ ਜੈਵ-ਵਿਭਿੰਨਤਾ ਕੌਰੀਡੋਰਾਂ ਦੇ ਵਿਕਾਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਪੰਜਾਬ ਸਮੇਤ ਦੇਸ਼ ਭਰ ਵਿੱਚ ਦਰੱਖਤਾਂ ਦੀ ਕਟਾਈ ਦੇ ਬਦਲੇ ਕਿੰਨੇ ਦਰੱਖਤ ਲਗਾਏ ਗਏ ਹਨ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਗ੍ਰੀਨ ਹਾਈਵੇਜ਼ ਨੀਤੀ-2015 ਤਹਿਤ ਰਾਸ਼ਟਰੀ ਮਾਰਗਾਂ ਦੇ ਨਾਲ ਗ੍ਰੀਨ ਬੈਲਟਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਸਥਾਨਕ ਜਲਵਾਯੂ ਅਨੁਕੂਲ ਦੇਸੀ ਪ੍ਰਜਾਤੀਆਂ ਦੇ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਬੀ ਕੋਰੀਡੋਰ ਤੇ ਆਰੋਗਿਆ ਵਨ ਵਰਗੀਆਂ ਪਹਿਲਕਦਮੀਆਂ ਰਾਹੀਂ ਜੈਵ-ਵਿਭਿੰਨਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇਹ ਵੀ ਦੱਸਿਆ ਕਿ 19 ਅਪਰੈਲ 2022 ਨੂੰ ਜਾਰੀ ਕੀਤੀ ਗਈ ਟ੍ਰੀ-ਟਰਾਂਸਪਲਾਂਟੇਸ਼ਨ ਅਨੁਸਾਰ ਰੁੱਖਾਂ ਨੂੰ ਬਿਨਾਂ ਲੋੜ ਨਹੀਂ ਕੱਟਿਆ ਜਾਵੇਗਾ ਤੇ ਪਹਿਲਾਂ ਸਾਰੇ ਬਦਲਾਂ ਤੇ ਵਿਚਾਰ ਕੀਤਾ ਜਾਵੇਗਾ ਤੇ ਬਦਲਵੇਂ ਪ੍ਰਬੰਧਾਂ ਨੂੰ ਤਰਜੀਹ ਦਿੱਤੀ ਜਾਵੇਗੀ। ਜੰਗਲਾਤ ਵਾਲੇ ਖੇਤਰਾਂ ਵਿੱਚ ਕਟਾਈ ਵਨ (ਸੰਰਕਸ਼ਣ ਅਤੇ ਸੰਵਰਧਨ) ਅਧਿਨਯਮ, 1980 ਅਨੁਸਾਰ ਹੀ ਕੀਤੀ ਜਾਂਦੀ ਹੈ ਤੇ ਮੁਆਵਜ਼ਾ ਵਣੀਕਰਨ ਲਾਜ਼ਮੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਨ ਇੱਕ-ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਰੁੱਖ ਸਾਡੀ ਕੁਦਰਤੀ ਧਰੋਹਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਹਰ ਵਿਕਾਸ ਪ੍ਰੋਜੈਕਟ ਵਿੱਚ ਤਰਜੀਹ ਮਿਲਣੀ ਚਾਹੀਦੀ ਹੈ।