ਕਾਲੀ ਵੇਈਂ ਦੇ ਕੰਢੇ ’ਤੇ ਪਰਵਾਸੀ ਮਜ਼ਦੂਰਾਂ ਦਾ ਕਬਜ਼ਾ ਕਾਲੀ ਵੇਈਂ ਕਿਨਾਰੇ ਪ੍ਰਵਾਸੀ ਮਜ਼ਦੂਰਾਂ ਦੇ ਕਬਜ਼ਿਆਂ ਅਤੇ ਮੀਟ-ਮੱਛੀ ਦੇ ਸੇਵਨ ਦਾ ਮੁੱਦਾ ਗਰਮਾਇਆ, ਪ੍ਰਸ਼ਾਸਨ ਦੀ ਭੂਮਿਕਾ ’ਤੇ ਵੀ ਉਠਾਏ ਸਵਾਲ
Publish Date: Tue, 04 Aug 2026 07:32 PM (IST)
Updated Date: Tue, 04 Aug 2026 07:34 PM (IST)
ਪਰਵਾਸੀ ਮਜ਼ਦੂਰ ਇਥੇ ਕਰਦੇ ਹਨ ਮੀਟ-ਮੱਛੀ ਦਾ ਸੇਵਨ, ਸ਼ਹਿਰ ਦੀ ਪਵਿੱਤਰਤਾ ਖਤਰੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬੋਹੜ ਸਿੰਘ ਹਜ਼ਾਰਾ ਨੇ ਕੀਤੀ ਕਾਰਵਾਈ ਦੀ ਮੰਗ ਪਰਮਜੀਤ ਸਿੰਘ ਪੰਜਾਬੀ ਜਾਗਰਣ ਹੁਸੈਨਪੁਰ/ਡਡਵਿੰਡੀ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਪਰਵਾਸੀ ਮਜ਼ਦੂਰਾਂ ਵੱਲੋਂ ਝੁੱਗੀਆਂ-ਝੌਂਪੜੀਆਂ ਬਣਾ ਕੇ ਕਈ ਸਾਲਾਂ ਤੋਂ ਰਹਿਣ ਤੇ ਉੱਥੇ ਮੀਟ, ਮੱਛੀ ਤੇ ਸ਼ਰਾਬ ਦੇ ਸੇਵਨ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਹਲਕਾ ਸੁਲਤਾਨਪੁਰ ਲੋਧੀ ਦੇ ਆਗੂ ਬੋਹੜ ਸਿੰਘ ਹਜ਼ਾਰਾ ਨੇ ਦੋਸ਼ ਲਗਾਇਆ ਕਿ ਪਵਿੱਤਰ ਸ਼ਹਿਰ ਹੋਣ ਕਾਰਨ ਪਹਿਲਾਂ ਸ਼ਹਿਰ ਤੇ ਇਸ ਦੇ ਆਲੇ-ਦੁਆਲੇ 200 ਮੀਟਰ ਦੇ ਘੇਰੇ ਵਿੱਚੋਂ ਸ਼ਰਾਬ ਤੇ ਮੀਟ-ਮੱਛੀ ਦੀਆਂ ਦੁਕਾਨਾਂ ਨੂੰ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਗਿਆ ਸੀ ਤਾਂ ਜੋ ਸ਼ਹਿਰ ਦੀ ਧਾਰਮਿਕ ਮਰਿਆਦਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਫਿਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਝੁੱਗੀਆਂ-ਝੌਂਪੜੀਆਂ ਬਣਾ ਕੇ ਕਈ ਸਾਲਾਂ ਤੋਂ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਉੱਥੇ ਮੀਟ-ਮੱਛੀ ਪਕਾਉਣ ਤੇ ਸ਼ਰਾਬ ਦਾ ਸੇਵਨ ਕਰਨ ਦੀ ਇਜਾਜ਼ਤ ਕਿਸ ਦੇ ਕਹਿਣ ਤੇ ਦਿੱਤੀ ਗਈ ਹੈ। ਬੋਹੜ ਸਿੰਘ ਹਜ਼ਾਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਪਵਿੱਤਰ ਸਥਾਨ ਦੀ ਮਰਿਆਦਾ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਕੋਲੋਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰੇ ਤੇ ਪਵਿੱਤਰ ਕਾਲੀ ਵੇਈਂ ਦੇ ਆਲੇ-ਦੁਆਲੇ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਮੁੱਦਾ ਉਨ੍ਹਾਂ ਵੱਲੋਂ ਨਾ ਉਠਾਇਆ ਜਾਂਦਾ ਤਾਂ ਸ਼ਾਇਦ ਇਸ ਵੱਲ ਕਿਸੇ ਦਾ ਧਿਆਨ ਹੀ ਨਾ ਜਾਂਦਾ । ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਦਵਿੰਦਰਪਾਲ ਸ਼ਰਮਾ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।