ਮੂਰਤੀ ਨੂੰ ਨੁਕਸਾਨ ਪਹੁੰਚਾਉਣਾ ਘਟੀਆ ਮਾਨਸਿਕਤਾ ਦੀ ਨਿਸ਼ਾਨੀ
ਮਸਲਾ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਰਚੇਤਾ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਦਾ
Publish Date: Sat, 04 Apr 2026 10:29 PM (IST)
Updated Date: Sat, 04 Apr 2026 10:31 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀਆਂ ਜਾਇਜ਼ ਤੇ ਸੰਵਿਧਾਨਿਕ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ-ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ, ਸੰਤੋਖ਼ ਮੱਲੀ, ਮਨਜੀਤ ਦਾਸ, ਬਲਵਿੰਦਰ ਮਸੀਹ ਤੇ ਬਲਵਿੰਦਰ ਨਿਧੜਕ ਨੇ ਕਿਹਾ ਕਿ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਦਲਿਤ ਸਮਾਜ ਦੇ ਮਹਾਨ ਰਹਿਬਰ ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾਕਟਰ ਬੀਆਰ ਅੰਬੇਡਕਰ ਜੀ ਦੀ ਮੂਰਤੀ ਨੂੰ ਘਟੀਆ ਮਾਨਸਿਕਤਾ ਰੱਖਣ ਵਾਲਿਆਂ ਦਾ ਦੂਸਰੀ ਵਾਰ ਨੁਕਸਾਨ ਪਹੁੰਚਾਉਣਾ ਬਹੁਤ ਹੀ ਨਿੰਦਣਯੋਗ ਤੇ ਕਾਇਰਤਾ ਪੂਰਨ ਕਾਰਾ ਹੈ। ਇਸ ਨੂੰ ਐੱਸਸੀ/ਬੀਸੀ ਸਮਾਜ ਬਰਦਾਸ਼ਤ ਨਹੀਂ ਕਰੇਗਾ। ਟੂਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਜੋ ਸੰਵਿਧਾਨ ਲਿਖਿਆ ਹੈ, ਉਹ ਕਿਸੇ ਇਕ ਵਰਗ ਲਈ ਨਹੀਂ ਹੈ, ਸਗੋਂ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਤੇ ਹਰ ਐੱਮਐੱਲਏ ਦੇ ਦਫਤਰਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਦਫ਼ਤਰ ਵਿਚ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਇਸੇ ਤਰ੍ਹਾਂ ਪੰਜਾਬ ਵਿਚ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਵੀ ਐੱਸਸੀ/ਬੀਸੀ ਸਮਾਜ ਵੱਲੋਂ ਆਪਣੇ ਮਹਾਨ ਰਹਿਬਰ ਦੀਆਂ ਮੂਰਤੀਆਂ ਲਗਾਈਆਂ ਗਈਆਂ ਹਨ। ਜਦੋਂ ਵੀ ਬਾਬਾ ਸਾਹਿਬ ਜੀ ਦਾ ਜਨਮ ਦਿਨ ਆਉਂਦਾ ਹੈ, ਉਦੋਂ ਹੀ ਉਨ੍ਹਾਂ ਦੀ ਮੂਰਤੀ ਨੂੰ ਘਟੀਆ ਸੋਚ ਰੱਖਣ ਵਾਲੇ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਪਿੰਡਾਂ ਤੇ ਸ਼ਹਿਰਾਂ ਵਿਚ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਮੂਰਤੀਆਂ ਹਨ, ਉੱਥੇ ਤੁਰੰਤ ਕੈਮਰੇ ਲਗਾਏ ਜਾਣ ਤੇ ਪੁਲਿਸ ਕਰਮੀ ਤਾਇਨਾਤ ਕੀਤੇ ਜਾਣ।