ਫਗਵਾੜਾ ਦੇ ਪਿੰਡਾਂ ’ਚ ਨੀਲ ਗਊਆਂ ਦੀ ਆਮਦ ਤੇਜ਼ੀ ਨਾਲ ਜਾਰੀ ਫਗਵਾੜਾ ਦੇ ਪਿੰਡਾਂ ਵਿੱਚ ਨੀਲ ਗਾਵਾਂ ਦੀ ਆਮਦ ਤੇਜ਼ੀ ਨਾਲ ਜਾਰੀ
Publish Date: Wed, 18 Nov 2026 07:34 PM (IST)
Updated Date: Wed, 18 Nov 2026 07:36 PM (IST)
ਹਰੀਸ਼ ਭੰਡਾਰੀ, ਫਗਵਾੜਾ ਫਗਵਾੜਾ : ਫਗਵਾੜਾ ਇਲਾਕੇ ਦੇ ਪਿੰਡਾਂ ਵਿੱਚ ਨੀਲ ਗਊਆਂ ਦੀ ਆਮਦ ਲਗਾਤਾਰ ਤੇਜ਼ੀ ਨਾਲ ਵਧਦੀ ਦਿਖਾਈ ਦੇ ਰਹੀ ਹੈ। ਪਿੰਡਾਂ ਦੇ ਆਲੇ-ਦੁਆਲੇ ਖੇਤਾਂ, ਸੜਕਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਨੀਲ ਗਾਵਾਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀ ਵਧਦੀ ਗਿਣਤੀ ਕਾਰਨ ਜਿੱਥੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹੀ ਸੜਕਾਂ ’ਤੇ ਇਨ੍ਹਾਂ ਦੀ ਮੌਜੂਦਗੀ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਪਿੰਡ ਮਹੇੜੂ ਦੇ ਗੁਰਪ੍ਰੀਤ ਸਿੰਘ ਗੋਪੀ ਨਾਮਕ ਕਿਸਾਨ ਦੇ ਅਨੁਸਾਰ ਨੀਲ ਗਊਆਂ ਦੇ ਝੁੰਡ ਖੇਤਾਂ ਵਿੱਚ ਦਾਖ਼ਲ ਹੋ ਕੇ ਹਰੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਈ ਵਾਰ ਇਹ ਝੁੰਡ ਸੜਕਾਂ ਦੇ ਵਿਚਕਾਰ ਆ ਜਾਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਅਚਾਨਕ ਬ੍ਰੇਕ ਲਗਾਉਣੀ ਪੈਂਦੀ ਹੈ ਅਤੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕੇ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੀਲ ਗਊਆਂ ਦੀ ਵਧਦੀ ਆਮਦ ਨੂੰ ਦੇਖਦਿਆਂ ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਹੋਰ ਫ਼ਸਲਾਂ ਦੇ ਨਾਲ-ਨਾਲ ਗੋਭੀ ਦੇ ਖੇਤ ਵੀ ਹਨ, ਜਿੱਥੇ ਨੀਲ ਗਊਆਂ ਝੁੰਡ ਬਣਾ ਕੇ ਆਉਂਦੀਆਂ ਹਨ ਅਤੇ ਬਹੁਤ ਨੁਕਸਾਨ ਕਰਦੀਆਂ ਹਨ। ਇੱਥੇ ਅਸੀਂ ਆਪਣੇ ਪਾਠਕਾਂ ਨੂੰ ਇਹ ਵੀ ਦੱਸ ਦੇਈਏ ਕਿ ਇਹ ਬਹੁਤ ਤੇਜ਼ ਦੌੜਦੀਆਂ ਹਨ ਅਤੇ ਡਰਪੋਕ ਕਿਸਮ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਤਸਵੀਰਾਂ ਨੂੰ ਕੈਮਰੇ ’ਚ ਕੈਦ ਕਰਨਾ ਵੀ ਬੜਾ ਮੁਸ਼ਕਿਲ ਹੁੰਦਾ ਹੈ।