ਪੰਜਾਬੀ ਸਿਨੇਮਾ ਦੀ ਹੋ ਰਹੀ ਮੁੜ ਵਾਪਸੀ : ਸੀਟੂ ਬਾਈ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਦੇਣਾ ਸਿਨੇਮਾ ਯੁੱਗ ਦੀ ਹੈ ਮੁੜ ਵਾਪਸੀ: ਸੀਟੂ ਬਾਈ
Publish Date: Sat, 01 Aug 2026 08:52 PM (IST)
Updated Date: Sat, 01 Aug 2026 08:52 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀ ਆਰਟਿਸਟ ਤੇ ਡਾਇਰੈਕਟਰ, ਨਿਰਦੇਸ਼ਕ-ਨਿਰਮਾਤਾ ਸੀਟੂ ਬਾਈ ਨੇ ਕਿਹਾ ਕਿ ਪਿਛਲੇ ਥੋੜੇ ਸਮੇਂ ਤੋਂ ਲਗਾਤਾਰ ਰਿਲੀਜ਼ ਹੋ ਰਹੀਆਂ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਪੂਰ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਸਿਨੇਮਾਘਰਾਂ ਦਾ ਸੁਨਹਿਰੀ ਦੌਰ ਇੱਕ ਵਾਰ ਫਿਰ ਵਾਪਸੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਦੌਰਾਨ ਡਿਜੀਟਲ ਪਲੇਟਫਾਰਮਾਂ ਦੇ ਵਧਦੇ ਰੁਝਾਨ ਕਾਰਨ ਸਿਨੇਮਾਘਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਸੀ, ਪਰ ਹੁਣ ਚੰਗੀ ਕਹਾਣੀ, ਕਾਮੇਡੀ, ਰੋਮਾਂਚਕ ਤੇ ਪਰਿਵਾਰਕ ਮਨੋਰੰਜਨ ਵਾਲੀਆਂ ਪੰਜਾਬੀ ਫਿਲਮਾਂ ਲੋਕਾਂ ਨੂੰ ਮੁੜ ਸਿਨੇਮਾਘਰਾਂ ਵੱਲ ਖਿੱਚ ਰਹੀਆਂ ਹਨ। ਸੀਟੂ ਬਾਈ ਨੇ ਕਿਹਾ ਕਿ ਪੰਜਾਬੀ ਸਿਨੇਮਾ ਦੀ ਪਛਾਣ ਸਾਫ਼-ਸੁਥਰੀ ਕਾਮੇਡੀ, ਪਰਿਵਾਰਕ ਕਹਾਣੀਆਂ ਤੇ ਆਪਣੀ ਮਿੱਟੀ ਨਾਲ ਜੁੜੇ ਸੱਭਿਆਚਾਰ ਕਰਕੇ ਬਣੀ ਹੈ। ਅੱਜ ਦੇ ਸਮੇਂ ਵਿੱਚ ਨਿਰਮਾਤਾ ਤੇ ਨਿਰਦੇਸ਼ਕ ਵੀ ਵਧੀਆ ਵਿਸ਼ਿਆਂ ਤੇ ਕੰਮ ਕਰ ਰਹੇ ਹਨ, ਜਿਸ ਦਾ ਨਤੀਜਾ ਹੈ ਕਿ ਦਰਸ਼ਕ ਪੰਜਾਬੀ ਫਿਲਮਾਂ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਇਹ ਪਿਆਰ ਕਲਾਕਾਰਾਂ ਲਈ ਸਭ ਤੋਂ ਵੱਡਾ ਸਨਮਾਨ ਹੈ। ਇਹੀ ਉਤਸ਼ਾਹ ਕਲਾਕਾਰਾਂ ਨੂੰ ਹੋਰ ਮਿਹਨਤ ਕਰਨ ਤੇ ਵਧੀਆ ਫਿਲਮਾਂ ਦੇਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੌਜਵਾਨ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਕਲਾ ਨੂੰ ਨਿਖਾਰਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਨਾਲ ਜੁੜੇ ਰਹਿਣ। ਅੰਤ ਵਿੱਚ ਸੀਟੂ ਬਾਈ ਨੇ ਪੰਜਾਬੀ ਫਿਲਮ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਦਰਸ਼ਕ ਇਸੇ ਤਰ੍ਹਾਂ ਪੰਜਾਬੀ ਸਿਨੇਮਾ ਦਾ ਸਾਥ ਦਿੰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਹੋਰ ਵੀ ਨਵੀਆਂ ਉਚਾਈਆਂ ਨੂੰ ਛੂਹੇਗੀ ਤੇ ਸਿਨੇਮਾਘਰਾਂ ਦੀ ਰੌਣਕ ਪਹਿਲਾਂ ਵਾਂਗ ਮੁੜ ਬਹਾਲ ਹੋ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਆਡੀਓ ਕੈਸਟਾਂ ਦੇ ਦੌਰ ਵਿੱਚ ਜਿੱਥੇ ਸੀਟੂ ਬਾਈ ਦੀਆਂ ਸੀਟੂ ਬਾਈ ਹੜਤਾਲ ’ਤੇ ਵਰਗੀਆਂ ਬਹੁਤ ਸਾਰੀਆਂ ਐਲਬਮਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਉੱਥੇ ਸੀਟੂ ਬਾਈ ਦੀ ਡਾਇਰੈਕਸ਼ਨ ਵਿੱਚ ਰਿਲੀਜ਼ ਬਹੁਤ ਸਾਰੀਆਂ ਐਲਬਮਾਂ ਤੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਮਣਾਂ ਮੂੰਹੀਂ ਪਿਆਰ ਮਿਲਿਆ। ਸੀਟੂ ਬਾਈ ਪਿਛਲੇ ਲੰਬੇ ਸਮੇਂ ਤੋਂ ਗੀਤ-ਸੰਗੀਤ ਦੇ ਖੇਤਰ ਵਿੱਚ ਸਰਗਰਮ ਹਨ।