ਗਾਇਕਾਂ ਦੇ ਸ਼ੋਅਜ਼ ਕਰਵਾਉਣ ਦਾ ਰੁਝਾਨ ਸ਼ਲਾਘਾਯੋਗ : ਸੀਟੂ ਬਾਈ ਖੁਸ਼ੀ ਸਮਾਗਮਾਂ ਵਿੱਚ ਗਾਇਕ ਕਲਾਕਾਰਾਂ ਦੇ ਸ਼ੋਅਜ ਕਰਵਾਉਣ ਦਾ ਵਧ ਰਿਹਾ ਰੁਝਾਨ ਸ਼ਲਾਘਾਯੋਗ: ਸੀਟੂ ਬਾਈ
Publish Date: Mon, 02 Nov 2026 08:43 PM (IST)
Updated Date: Mon, 02 Nov 2026 08:44 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਖੁਸ਼ੀ ਦੇ ਮੌਕਿਆਂ ਨੂੰ ਯਾਦਗਾਰੀ ਬਣਾਉਣ ਲਈ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕਰਵਾਉਣ ਦੇ ਨਾਲ-ਨਾਲ ਨਾਮਵਰ ਗਾਇਕ ਕਲਾਕਾਰਾਂ ਦੇ ਸ਼ੋਅ ਕਰਵਾਉਣ ਦਾ ਰੁਝਾਨ ਵੀ ਲਗਾਤਾਰ ਵਧ ਰਿਹਾ ਹੈ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੀਡੀਓ ਡਾਇਰੈਕਟਰ, ਆਪਣੇ ਸਮੇਂ ਦੇ ਮਸ਼ਹੂਰ ਕਾਮੇਡੀ ਆਰਟਿਸਟ ਤੇ ਸੰਗੀਤ ਪ੍ਰੇਮੀ ਸੀਟੂ ਬਾਈ ਨੇ ਗੱਲਬਾਤ ਕਰਦਿਆਂ ਪੰਜਾਬੀ ਜਾਗਰਣ ਨਾਲ ਕੀਤਾ। ਉਨ੍ਹਾਂ ਕਿਹਾ ਕਿ ਵਿਆਹ-ਸ਼ਾਦੀਆਂ, ਜਨਮ ਦਿਨਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਦੌਰਾਨ ਗਾਇਕ ਕਲਾਕਾਰਾਂ ਨੂੰ ਬੁਲਾ ਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਨਾਲ ਸਮਾਗਮ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਗੀਤ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ ਤੇ ਚੰਗਾ ਸੰਗੀਤ ਹਰ ਉਮਰ ਦੇ ਲੋਕਾਂ ਦੇ ਮਨਾਂ ਨੂੰ ਸਕੂਨ ਤੇ ਖੁਸ਼ੀ ਪ੍ਰਦਾਨ ਕਰਦਾ ਹੈ। ਸੀਟੂ ਬਾਈ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਕਲਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵੀ ਹੁਲਾਰਾ ਮਿਲਦਾ ਹੈ। ਇਸ ਦੇ ਨਾਲ ਹੀ ਨਵੇਂ ਉੱਭਰ ਰਹੇ ਕਲਾਕਾਰਾਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੁਸ਼ੀ ਦੇ ਸਮਾਗਮਾਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੂੰ ਵਧਾਵਾ ਦੇਣਾ ਚਾਹੀਦਾ ਹੈ ਤੇ ਪੰਜਾਬੀ ਸੰਗੀਤ ਤੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਅੱਗੇ ਲੈ ਕੇ ਜਾਣ।