ਸ਼ਰਧਾ ਤੇ ਭਗਤੀ ਨਾਲ ਗਣੇਸ਼ ਪੂਜਾ ਮਹਾ ਉਤਸਵ ਦੀ ਹੋਈ ਸਮਾਪਤੀ ਸ਼ਰਧਾ ਅਤੇ ਭਗਤੀ ਨਾਲ ਗਣੇਸ਼ ਪੂਜਾ ਮਹਾ ਉਤਸਵ ਦੀ ਹੋਈ ਸਮਾਪਤੀ, ਗਣੇਸ਼ ਮੂਰਤੀ ਦਾ ਕੀਤਾ ਗਿਆ ਵਿਸਰਜਨ
Publish Date: Mon, 21 Sep 2026 10:05 PM (IST)
Updated Date: Mon, 21 Sep 2026 10:05 PM (IST)
-ਗਣੇਸ਼ ਮੂਰਤੀ ਦਾ ਕੀਤਾ ਗਿਆ ਵਿਸਰਜਨ -ਹਲਕਾ ਇੰਚਾਰਜ ਘੁੰਮਣ ਨੇ ਲਿਆ ਆਸ਼ੀਰਵਾਦ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਮਹਾਮਾਈ ਚਿੰਤਪੁਰਨੀ ਕਲੱਬ ਭਲੱਥ ਵੱਲੋਂ 14 ਸਤੰਬਰ ਤੋਂ 20 ਸਤੰਬਰ ਤੱਕ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਗਣੇਸ਼ ਪੂਜਾ ਉਤਸਵ ਅੱਜ ਸ਼ਰਧਾਪੂਰਵਕ ਸਮਾਪਤ ਹੋ ਗਿਆ। ਇਸ ਉਤਸਵ ਦੇ ਸਬੰਧ ਵਿੱਚ ਚੱਲ ਰਹੇ ਸਮਾਗਮ ਤੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਗਣੇਸ਼ ਜੀ ਤੋਂ ਅਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਐਡਵੋਕੇਟ ਘੁੰਮਣ ਦਾ ਉਨ੍ਹਾਂ ਨਾਲ ਆਏ ਹੋਏ ਸਾਥੀਆਂ ਦਾ ਸਨਮਾਨ ਕੀਤਾ ਗਿਆ। ਉਤਸਵ ਦੇ ਆਖਰੀ ਦਿਨ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਦੇ ਵਿਸਰਜਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਮੂਰਤੀ ਵਿਸਰਜਨ ਤੋਂ ਪਹਿਲਾਂ ਗਣੇਸ਼ ਜੀ ਦੀ ਮੂਰਤੀ ਨੂੰ ਨਗਰ ਦੀ ਪਰਿਕਰਮਾ ਕਰਵਾਈ ਗਈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਭਗਵਾਨ ਸ੍ਰੀ ਗਣੇਸ਼ ਜੀ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਸੰਗਤਾਂ ਵੱਲੋਂ ਪੂਰੇ ਸ਼ਰਧਾ ਭਾਵ ਨਾਲ ਗਣੇਸ਼ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਮੂਰਤੀ ਵਿਸਰਜਨ ਲਈ ਸ਼ਰਧਾਲੂਆਂ ਦਾ ਕਾਫਲਾ ਬਿਆਸ ਦਰਿਆ ਵੱਲ ਰਵਾਨਾ ਹੋਇਆ, ਜਿੱਥੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਗਿਆ। ਮਹਾਮਾਈ ਚਿੰਤਪੁਰਨੀ ਕਲੱਬ ਦੇ ਪ੍ਰਬੰਧਕਾਂ ਨੇ ਗਣੇਸ਼ ਪੂਜਾ ਉਤਸਵ ਵਿੱਚ ਸਹਿਯੋਗ ਦੇਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਮਹਾਮਾਈ ਚਿੰਤਪੁਰਨੀ ਕਲੱਬ ਦੇ ਮੈਂਬਰ, ਪ੍ਰਬੰਧਕ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।