- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਵੀ ਜਨਤਾ ਨੂੰ ਭਰਮਾਉਣ ਦਾ ਹਥਕੰਡਾ ਸਾਬਤ ਹੋਈ - ਅਰੁਣ ਖੋਸਲਾ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਲਗਾਤਾਰ ਲਾਰਿਆਂ ਵਿੱਚ ਰੱਖ ਕੇ ਆਪਣੇ ਅਗਲੇ ਵਿਧਾਨ ਸਭਾ ਚੋਣਾਂ ਦੀ ਜ਼ਮੀਨ ਤਿਆਰ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਕਈ ਵਾਰ ਇਸ ਰਕਮ ਨੂੰ 1,100 ਰੁਪਏ ਵੀ ਦੱਸਿਆ ਗਿਆ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਲਗਾਤਾਰ ਇਹ ਵਾਅਦਾ ਕਰਦੇ ਰਹੇ, ਇਸੇ ਤਰ੍ਹਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਸਮੇਤ ਹੋਰ ਵੀ ਕਈ ਵਾਅਦੇ ਜਨਤਾ ਨਾਲ ਕੀਤੇ ਗਏ, ਪਰ ਜ਼ਮੀਨੀ ਹਕੀਕਤ ਅੱਜ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਔਰਤਾਂ ਨਾਲ ਕੀਤਾ ਵਾਅਦਾ ਤਾਂ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਸੀ। ਖੋਸਲਾ ਨੇ ਕਿਹਾ ਕਿ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਔਰਤਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ 1 ਅਪ੍ਰੈਲ ਤੋਂ ਇਹ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਫਾਰਮ ਭਾਵੇਂ ਬਾਅਦ ਵਿੱਚ ਭਰੇ ਜਾਣ, ਪਰ 1 ਅਪ੍ਰੈਲ ਤੋਂ ਹੀ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਲੰਘ ਗਏ ਤੇ ਹੁਣ ਸਤੰਬਰ ਵੀ ਅੱਧਾ ਬੀਤ ਗਿਆ ਹੈ, ਯਾਨੀ ਛੇ ਮਹੀਨੇ ਬੀਤ ਚੁੱਕੇ ਹਨ, ਪਰ ਜਿਨ੍ਹਾਂ ਔਰਤਾਂ ਨੂੰ ਭੁਗਤਾਨ ਮਿਲਿਆ ਹੈ, ਉਨ੍ਹਾਂ ਵਿੱਚ ਜਨਰਲ ਵਰਗ ਦੀਆਂ ਔਰਤਾਂ ਨੂੰ ਸਿਰਫ਼ ਤਿੰਨ ਮਹੀਨਿਆਂ ਦੇ 3,000 ਰੁਪਏ ਤੇ ਐੱਸਸੀ ਵਰਗ ਦੀਆਂ ਔਰਤਾਂ ਨੂੰ 4500 ਰੁਪਏ ਹੀ ਮਿਲੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰ ਨੇ 1 ਅਪ੍ਰੈਲ ਤੋਂ ਭੁਗਤਾਨ ਦੇਣ ਦਾ ਐਲਾਨ ਕੀਤਾ ਸੀ ਤਾਂ ਛੇ ਮਹੀਨਿਆਂ ਦੀ ਰਕਮ ਅਜੇ ਤੱਕ ਕਿਉਂ ਨਹੀਂ ਦਿੱਤੀ ਗਈ? ਸਾਬਕਾ ਮੇਅਰ ਨੇ ਕਿਹਾ ਕਿ ਹੁਣ ਕੁਝ ਮਹੀਨਿਆਂ ਬਾਅਦ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ ਅਤੇ ਸਰਕਾਰ ਉਸੇ ਦਾ ਬਹਾਨਾ ਬਣਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਚਾਰ ਸਾਲਾਂ ਦਾ ਹਿਸਾਬ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਕਿੰਨੇ ਵਾਅਦੇ ਪੂਰੇ ਕੀਤੇ ਗਏ ਤੇ ਕਿੰਨੇ ਸਿਰਫ਼ ਚੋਣੀ ਲਾਰੇ ਬਣ ਕੇ ਰਹਿ ਗਏ। ਭਾਜਪਾ ਆਗੂ ਨੇ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਭਾਜਪਾ ਨੂੰ ਮੌਕਾ ਦੇਵੇਗੀ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰੇਗੀ।