ਗੌਰਮਿੰਟ ਟੀਚਰ ਯੂਨੀਅਨ ਅਧਿਆਪਕਾਂ ਦੇ ਹੱਕ ’ਚ ਡਟੀ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ’ਚ ਸਟੇਸ਼ਨ ਦੂਰ ਦਿੱਤੇ ਜਾਣ ਤੇ ਗੋਰਮਿੰਟ ਟੀਚਰ ਯੂਨੀਅਨ ਅਧਿਆਪਕਾਂ ਦੇ ਹੱਕ ਵਿੱਚ ਡਟੀ
Publish Date: Thu, 01 Oct 2026 07:40 PM (IST)
Updated Date: Thu, 01 Oct 2026 07:42 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਮਾਸਟਰ ਕੈਡਰ ਦੀਆਂ ਤਰੱਕੀਆਂ ਦੌਰਾਨ ਅਧਿਆਪਕਾਂ ਤੋਂ ਸਟੇਸ਼ਨ ਚੋਣ ਨਾ ਕਰਵਾਉਣ ਦੇ ਫ਼ੈਸਲੇ ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਅਧਿਆਪਕਾਂ ਦੇ ਹੱਕਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਯੂਨੀਅਨ ਨੇ ਕਿਹਾ ਕਿ ਤਰੱਕੀ ਇੱਕ ਹੱਕ ਹੈ ਪਰ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਉਪਲਬਧ ਖ਼ਾਲੀ ਅਸਾਮੀਆਂ ਚੋਂ ਸੀਨੀਅਰਤਾ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੁਣਨ ਦਾ ਮੌਕਾ ਨਾ ਦੇਣਾ ਪੂਰੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ਚ ਲਿਆਉਂਦਾ ਹੈ। ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਕਿਹਾ ਕਿ ਜਥੇਬੰਦੀ ਦਾ ਵਫ਼ਦ ਇਸ ਸਬੰਧੀ ਡੀਜੀਐੱਸਈ ਨੂੰ ਮਿਲਿਆ ਤੇ ਅਧਿਆਪਕਾਂ ਨੂੰ ਸਟੇਸ਼ਨ ਦੂਰ ਦਿੱਤੇ ਜਾਣ ’ਤੇ ਰੋਸ ਪ੍ਰਗਟਾਇਆ। ਇਸ ਮੌਕੇ ਜਥੇਬੰਦੀ ਦੇ ਦਬਾਅ ਹੇਠ ਹੋਏ ਫੈਸਲੇ ਅਨੁਸਾਰ ਪ੍ਰਮੋਟ ਹੋਏ ਅਧਿਆਪਕ ਆਪਣੇ-ਆਪਣੇ ਜ਼ਿਲਿਆਂ ਦੇ ਸਿੱਖਿਆ ਅਫਸਰਾਂ ਨੂੰ 5 ਅਕਤੂਬਰ ਤੱਕ ਆਪਣਾ ਪੱਖ ਦੱਸਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਮੋਸ਼ਨਾਂ ਦੌਰਾਨ ਸਟੇਸ਼ਨ ਦੇਣ ਸਮੇਂ ਸਿਆਸੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਾਉਣੀਆਂ ਬਿਲਕੁਲ ਬੰਦ ਕੀਤੀਆਂ ਜਾਣ। ਇਸ ਮੌਕੇ ਪ੍ਰਦੀਪ ਸਿੰਘ ਘੁਮਾਣ, ਸਖਦੇਵ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।