ਸਰਕਾਰਪਰਾਲੀ ਸੰਭਾਲਣ ਦੀ ਜਿੰਮੇਵਾਰੀ ਖੁਦ ਲਵੇ : ਦੀਪੇਵਾਲ ਸਰਕਾਰ ਛੋਟੇ ਕਿਸਾਨਾਂ ਦੇ ਝੋਨੇ ਦੀ ਪਰਾਲੀ ਸੰਭਾਲਣ ਦੀ ਜਿੰਮੇਵਾਰੀ ਖੁਦ ਲਵੇ : ਦਿਆਲ ਸਿੰਘ ਦੀਪੇਵਾਲ
Publish Date: Mon, 21 Sep 2026 06:59 PM (IST)
Updated Date: Mon, 21 Sep 2026 06:59 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਅਨੁਸਾਰ 2020 ਵਿੱਚ 83,002, 2021 ਵਿੱਚ 71,304, 2022 ਵਿੱਚ 49,222, 2023 ਵਿੱਚ 36,663, 2024 ਵਿੱਚ 10,909 ਤੇ 2025 ਵਿੱਚ 5,114 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਬੰਧੀ ਨੋਟਿਸ ਜਾਰੀ ਕੀਤੇ ਗਏ। ਸਾਲ 2020 ਤੋਂ ਲੈ ਕੇ 2025 ਤੱਕ ਕਿਸਾਨਾਂ ਵੱਲੋਂ ਕੀਤੇ ਗਏ ਭਰਪੂਰ ਯਤਨਾਂ ਸਦਕਾ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਵਿੱਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਪਰ ਫਿਰ ਵੀ ਪਿਛਲੇ ਸਾਲ ਬਹੁਤ ਸਾਰੇ ਕਿਸਾਨਾਂ ਦੇ ਰੈਵੀਨਿਊ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਤੇ ਕਈਆਂ ਦੇ ਵਿਰੁੱਧ ਪਰਚੇ ਦਰਜੇ ਕੀਤੇ ਗਏ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ। ਇਹ ਜਾਣਕਾਰੀ ਦਿਆਲ ਸਿੰਘ ਦੀਪੇਵਾਲ ਏਏਓ ਰਿਟਾਇਰਡ, ਪੀਐੱਸਪੀਸੀਐੱਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਮਸਲਾ ਵੀ ਸ਼ੁਰੂ ਹੋ ਜਾਵੇਗਾ ਤੇ ਅੱਗ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਕਾਰਵਾਈ ਵੀ ਸਰਕਾਰੀ ਮਸ਼ੀਨਰੀ ਵੱਲੋਂ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਮੀਨ ਦੇ ਅਧਾਰ ’ਤੇ ਮਨਿਸਟਰੀ ਆਫ ਐਗਰੀਕਲਚਰ ਤੇ ਫਾਰਮਰ ਵੈੱਲਫੇਅਰ ਵੱਲੋਂ ਕਿਸਾਨਾਂ ਨੂੰ 5 ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ। 2.5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮਾਰਜਨਲ ਫਾਰਮਰ, 2.5 ਤੋਂ 5.0 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਸਮਾਲ ਫਾਰਮਰ ਤੇ 5.0 ਤੋਂ 10.0 ਏਕੜ ਤੱਕ ਜ਼ਮੀਨ ਵਾਲੇ ਸੈਮੀ-ਮੀਡੀਅਮ, 10 ਤੋਂ 25 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮੀਡੀਅਮ ਤੇ 25 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਲਾਰਜ ਫਾਰਮਰ ਵਜੋਂ ਕਲਾਸੀਫਾਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੋ ਤਰੀਕਿਆਂ ਨਾਲ ਕਰਨੀ ਸੰਭਵ ਹੈ। ਪਰਾਲੀ ਨੂੰ ਜ਼ਮੀਨ ਵਿੱਚ ਦਬਾ ਕੇ ਜਿਸ ਨੂੰ ਇਨ-ਸਿਟੂ ਤਕਨੀਕ ਦਾ ਨਾਮ ਦਿੱਤਾ ਗਿਆ ਹੈ ਜਾਂ ਫਿਰ ਪਰਾਲੀ ਦੀਆਂ ਬੇਲਨ ਨਾਲ ਗੱਠਾਂ ਬਣਾ ਕੇ ਜਿਸ ਨੂੰ ਐਕਸ-ਸਿਟੂ ਤਕਨੀਕ ਦਾ ਨਾਮ ਦਿੱਤਾ ਗਿਆ ਹੈ। ਮਾਰਜਨਲ ਤੇ ਸਮਾਲ ਫਾਰਮਰਾਂ ਲਈ ਦੋਹਾਂ ਤਕਨੀਕਾਂ ’ਤੇ ਹੀ ਖਰਚਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਜਿਸ ਕਾਰਣ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉਨ੍ਹਾਂ ਦੀ ਮਜ਼ਬੂਰੀ ਬਣ ਜਾਂਦੀ ਹੈ। ਸਰਕਾਰ ਨੂੰ ਅਜਿਹੇ ਕਿਸਾਨਾਂ ਨਾਲ ਤਕਰਾਰ ਦੀ ਨੀਤੀ ਛੱਡ ਕੇ ਸਹਿਯੋਗ ਕਰਨ ਦੀ ਲੋੜ ਹੈ। ਬਾਕੀ ਕੈਟਾਗਿਰੀਆਂ ਦੇ ਕਿਸਾਨਾਂ ਲਈ ਇਹ ਸੰਭਵ ਹੈ ਪਰ ਉਨ੍ਹਾਂ ਨੂੰ ਵੀ ਪਰਾਲੀ ਦੀ ਸਾਂਭ-ਸੰਭਾਲ ਲਈ ਕਾਫੀ ਖਰਚੇ ਦੀ ਮਾਰ ਝੱਲਣੀ ਪੈਂਦੀ ਹੈ। ਸਰਕਾਰ ਮਾਰਜਨਲ ਤੇ ਸਮਾਲ ਫਾਰਮਰਜ਼ ਦੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਖੇਤੀਬਾੜੀ ਤੇ ਕੋਆਪਰੇਟਿਵ ਵਿਭਾਗ ਰਾਹੀਂ ਆਪਣੇ ਸਿਰ ਲਵੇ ਤੇ ਬਾਕੀ ਕੈਟਾਗਿਰੀਆਂ ਦੇ ਕਿਸਾਨਾਂ ਨੂੰ 2500/- ਰੁਪਿਆ ਪ੍ਰਤੀ ਏਕੜ ਖਰਚਾ ਦੇਵੇ ਤਾਂ ਜੋ ਕਿਸਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸਦੀ ਸਾਂਭ-ਸੰਭਾਲ ਕਰ ਸਕਣ। ਸੁਲਤਾਨਪੁਰ ਲੋਧੀ ਏਰੀਏ ਵਿੱਚ ਡਡਵਿੰਡੀ-ਤਾਸ਼ਪੁਰ ਰੋਡ ’ਤੇ ਮੁਹੱਬਲੀਪੁਰ ਦੇ ਨਜ਼ਦੀਕ ਚਰਨ ਸਿੰਘ ਐਡ ਸੰਨਜ਼ ਗਿੱਲਾਂ ਵੱਲੋਂ ਝੋਨੇ ਦੀ ਪਰਾਲੀ ਤੋਂ ਫਿਊਲ ਪ੍ਰੋਡਕਟ ਤਿਆਰ ਕਰਨ ਲਈ ਪਰਾਈਮ ਬਾਇਓ ਫਿਊਲਜ਼ ਫੈਕਟਰੀ ਲਗਾਈ ਗਈ ਹੈ। ਏਰੀਏ ਦੇ ਕਿਸਾਨਾਂ ਨੂੰ ਐਕਸ ਸਿਟੂ ਤਕਨੀਕ ਅਪਣਾ ਕੇ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਸਰਕਾਰੀ ਵਿਭਾਗਾਂ ਵੱਲੋਂ ਵੀ ਇਸ ਬਾਬਤ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਸਰਕਾਰ ਕਿਸਾਨਾਂ ਨਾਲ ਟਕਰਾ ਕਰਨ ਦੀ ਬਜਾਏ ਵੱਧ ਤੋ ਵੱਧ ਸਹਿਯੋਗ ਦੇਵੇ ਤਾਂ ਜੋ ਇਸ ਮਸਲੇ ਦਾ ਪੱਕਾ ਹੱਲ ਨਿਕਲ ਸਕੇ।