ਸਰਕਾਰ ਤੁਰੰਤ ਝੋਨੇ ਦੀ ਬੋਲੀ ਸ਼ੁਰੂ ਕਰਵਾਏ : ਖਾਲਸਾ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਸਰਕਾਰ ਤਰੁੰਤ ਝੋਨੇ ਦੀ ਬੋਲੀ ਸ਼ੁਰੂ ਕਰਵਾਏ : ਖਾਲਸਾ
Publish Date: Fri, 18 Sep 2026 10:02 PM (IST)
Updated Date: Fri, 18 Sep 2026 10:05 PM (IST)
ਕੁਲਬੀਰ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਲਾਕ ਸੁਲਤਾਨਪੁਰ ਲੋਧੀ ਦੀਆਂ ਵੱਖ-ਵੱਖ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਖ਼ਰੀਦ ਸ਼ੁਰੂ ਨਾ ਕੀਤੇ ਜਾਣ ਕਰਕੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਬਲਾਕ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਜਿਨ੍ਹਾਂ ਵਿੱਚ ਟਿੱਬਾ, ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ, ਡੱਲਾ, ਡਡਵਿੰਡੀ ਆਦਿ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਐਂਤਕੀ ਝੋਨੇ ਦੀ ਲਵਾਈ ਅਗੇਤੀ ਹੋਣ ਕਰਕੇ ਮੰਡੀਆਂ ਵਿੱਚ 1 ਅਕਤੂਬਰ ਤੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਐਂਤਕੀ ਮੌਸਮ ਸਹੀ ਹੋਣ ਕਰਕੇ ਝੋਨੇ ਦੇ ਦਾਣੇ ਦੀ ਕੁਆਲਟੀ ਬਹੁਤ ਵਧੀਆ ਆ ਰਹੀ ਹੈ ਪਰ ਪ੍ਰਾਈਵੇਟ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਦਿੱਤਾ ਜਾ ਰਿਹਾ ਹੈ। ਸਰਕਾਰੀ ਮਾਪਦੰਡਾਂ ’ਤੇ ਪੂਰਾ ਉਤਰਨ ਵਾਲੇ ਝੋਨੇ ਉੱਪਰ ਵੀ 200 ਰੁਪਏ ਤੋਂ ਵੱਧ ਦਾ ਕੱਟ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਕਰ ਰਹੇ ਇੱਕ ਸ਼ੈਲਰ ਮਾਲਕਾਂ ਵੱਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਜਥੇਬੰਦੀ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਕਤ ਸ਼ੈਲਰ ਮਾਲਕ ਨੇ ਕਿਸਾਨਾਂ ਦੀ ਲੁੱਟ ਬੰਦ ਨਾ ਕੀਤੀ ਤਾਂ ਜਥੇਬੰਦੀ ਕਿਸਾਨਾਂ ਦੇ ਸਹਿਯੋਗ ਨਾਲ ਉਸ ਦਾ ਘਿਰਾਓ ਕਰੇਗੀ। ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਲੁੱਟ ਰੋਕਣ ਲਈ ਕੱਲ ਤੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ।