- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਵੀਹ ਲੱਖ ਸਕੂਲੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ

ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਘਾਟ ਕਾਰਣ ਸਿੱਖਿਆ ਕ੍ਰਾਂਤੀ ਹੋਈ ਫਲਾਪ
ਰੌਸ਼ਨ ਖੈੜਾ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਸਕੂਲੀ ਸਿੱਖਿਆ ਤੰਤਰ ਵਿੱਚ ਇਨਕਲਾਬੀ ਤਬਦੀਲੀ ਨੂੰ ਸਿਖਿਆ ਕ੍ਰਾਂਤੀ ਦੇ ਨਾਂ ਉੱਤੇ ਉਛਾਲਿਆ ਜਾ ਰਿਹਾ ਹੈ ਤੇ ਦਾਅਵੇ ਤੇ ਵਾਅਦੇ ਵੀ ਕੀਤੇ ਜਾ ਰਹੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵੀਹ ਲੱਖ ਵਿਦਿਆਰਥੀਆਂ ਲਈ ਅੱਸੀ ਫੀਸਦੀ ਤੋਂ ਵੀ ਉੱਤੇ ਵੱਖ-ਵੱਖ ਵਿਸ਼ਿਆਂ ਦੇ ਲੋੜੀਂਦੇ ਅਧਿਆਪਕ ਸੇਵਾਵਾਂ ਦੇ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਪੰਜਾਹ ਫੀਸਦੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰੀਆਂ ਮਿਲਣਗੀਆਂ। ਸਰਕਾਰ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਵਿਆਪੀ ਸਿਖਿਆ ਦਾ ਮਾਹੌਲ ਸਿਰਜਣ ਲਈ ਅਧਿਆਪਕਾਂ ਨੂੰ ਫਿਨਲੈਂਡ ਤੇ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਤੋਂ ਵਿਸ਼ੇਸ਼ ਸਿਖਲਾਈ ਦੁਆ ਕੇ ਸਰਕਾਰੀ ਸਕੂਲਾਂ ਵਿਚ ਨਵਾਂ ਸਿੱਖਿਆ ਮਾਹੌਲ ਸਿਰਜਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਵਾਤਾਵਰਨ ਸਿਰਜਣ ਦੀਆਂ ਜ਼ਮੀਨੀ ਹਕੀਕਤਾਂ ਜਾਨਣ ਲਈ ਅਧਿਆਪਕਾਂ ਤੇ ਸਿਖਿਆ ਸ਼ਾਸਤਰੀਆਂ ਨਾਲ ਵਿਸ਼ੇਸ਼ ਵਿਚਾਰ ਵਿਟਾਂਦਰਾ ਕੀਤਾ ਗਿਆ ਹੈ।
ਜੇਕਰ ਸਿੱਖਿਆ ਕ੍ਰਾਂਤੀ ਸਫਲ ਹੈ ਤਾਂ ਅਧਿਆਪਕ ਸੜਕਾਂ 'ਤੇ ਕਿਉਂ?
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ ਨੇ ਕਿਹਾ ਕਿ ਇੱਕ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੋਵੇ, ਦੂਜੇ ਪਾਸੇ ਰਹਿੰਦੇ ਅਧਿਆਪਕਾਂ ਨੂੰ ਗੈਰ ਵਿੱਦਿਅਕ ਕਾਰਜਾਂ ਵਿੱਚ ਲਗਾਇਆ ਗਿਆ ਹੋਵੇ ਤਾਂ ਉਸ ਵੇਲੇ ਪੜ੍ਹਦੇ ਵਿਦਿਆਰਥੀਆਂ ਦਾ ਵਰਤਮਾਨ ਹੀ ਖਰਾਬ ਹੋ ਰਿਹਾ ਹੋਵੇ ਤਾਂ ਭਵਿੱਖ ਕਿਵੇਂ ਰੌਸ਼ਨ ਹੋ ਸਕਦਾ ਹੈ? ਅੱਜ ਵੱਖ-ਵੱਖ ਅਧਿਆਪਕ ਯੂਨੀਅਨਾਂ ਆਪਣੇ ਅਧਿਕਾਰਾਂ ਖਾਤਰ ਸੜਕਾਂ ਉੱਤੇ ਉੱਤਰੀਆਂ ਹੋਣ ਤਾਂ ਕੀ ਉਹ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਜਸ਼ਨ ਮਨਾ ਰਹੇ ਹਨ? ਕੰਪਿਊਟਰ ਅਧਿਆਪਕਾਂ ਨੂੰ ਤਾਂ ਅੱਕ ਥੱਕ ਕੇ 15 ਅਗਸਤ ਭਾਵ ਸੁਤੰਤਰਤਾ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ, ਜੋ ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਲਗਦਾ ਹੈ।
--ਲੋਕਾਂ ਦਾ ਭਾਰੀ ਫੀਸਾਂ ਦੇ ਬਾਵਜੂਦ ਨਿੱਜੀ ਸਕੂਲਾਂ ਵੱਲ ਰੁਝਾਨ : ਅਰੋੜਾ
ਸਾਬਕਾ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਵੀ ਲੋਕਾਂ ਦਾ ਨਿੱਜੀ ਸਕੂਲਾਂ ਵੱਲ ਭਾਰੀ ਫੀਸਾਂ ਦੇ ਬਾਵਜੂਦ ਵੀ ਰੁਝਾਨ ਵੱਧ ਰਿਹਾ ਹੈ, ਜਿਸਦਾ ਮੁੱਖ ਕਾਰਨ ਇਹੀ ਭਾਸਦਾ ਹੈ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਨਿੱਜੀ ਸਕੂਲਾਂ ਵਿਚ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀ ਕਦੇ ਵੀ ਘਾਟ ਨਹੀਂ ਹੁੰਦੀ। ਅੱਜ ਬੇਸ਼ੱਕ ਭਗਵੰਤ ਮਾਨ ਸਰਕਾਰ ਨੇ ਨਿੱਜੀ ਸਕੂਲਾਂ ਦੀ ਫੀਸ ਜੋ ਕਾਨੂੰਨਨ ਅੱਠ ਫ਼ੀਸਦੀ ਹੀ ਵਧਾਈ ਜਾਂਦੀ ਸੀ ਪਰ ਉਹ ਪੰਜ ਫੀਸਦੀ ਤੋਂ ਵੱਧ ਉਗਰਾਹੁਣ ਤੋਂ ਰੋਕ ਤਾਂ ਦਿੱਤਾ ਸੀ ਪਰ ਮਾਨਯੋਗ ਅਦਾਲਤ ਵਿੱਚ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਹੈ ਕਿਉਂਕਿ ਜਿਹੜੇ ਨਿੱਜੀ ਸਿੱਖਿਆ ਤੰਤਰ ਨੂੰ ਉਤਸ਼ਾਹਿਤ ਕਰਨ ਲਈ ਕਿਸੇ ਵੀ ਕਿਸਮ ਦੀ ਗ੍ਰਾਂਟ ਨਹੀਂ ਦਿੱਤੀ ਜਾਂਦੀ, ਉਨ੍ਹਾਂ ਸਕੂਲਾਂ ਦੀਆਂ ਫੀਸਾਂ ਨੂੰ ਨਿਯੰਤਰਣ ਕਰਨ ਦਾ ਵੀ ਅਧਿਕਾਰ ਸਰਕਾਰ ਕਿਵੇਂ ਵਰਤ ਸਕਦੀ ਹੈ?
--ਸਕੂਲ ਮੁਖੀਆਂ ਤੋਂ ਬਿਨਾਂ ਸਿੱਖਿਆ ਤੰਤਰ ਦੀ ਸਫਲਤਾ ਅਸੰਭਵ : ਨੰਢਾ
ਗੈਸਾ ਦੇ ਪ੍ਰਧਾਨ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਨੇ ਕਿਹਾ ਕਿ ਸਕੂਲ ਸਿੱਖਿਆ ਵਿੱਚ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪੰਜਾਬ ਵਿੱਚ ਹੀ 62 ਫੀਸਦੀ ਪ੍ਰਿੰਸੀਪਲਾਂ ਤੇ ਸਕੂਲ ਮੁਖੀਆਂ ਦੀ ਘਾਟ ਹੈ, ਜਦੋਂ ਸਕੂਲਾਂ ਨੂੰ ਚਲਾਉਣ ਲਈ ਜਵਾਬਦੇਹ ਜ਼ਿੰਮੇਵਾਰ ਅਸਾਮੀਆਂ ਹੀ ਖਾਲੀ ਹੋਣਗੀਆਂ ਤਾਂ ਸਿੱਖਿਆ ਕ੍ਰਾਂਤੀ ਦਾ ਸੁਪਨਾ ਸਾਕਾਰ ਕਿਵੇਂ ਹੋ ਸਕਦਾ ਹੈ? ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਮਾਰਤਾਂ, ਬਿਜਲੀ ਪਾਣੀ, ਫਰਨੀਚਰ , ਪ੍ਰਯੋਗਸ਼ਾਲਾਵਾਂ, ਕੰਪਿਊਟਰ ਐਜੂਕੇਸ਼ਨ ਦੀ ਘਾਟ ਤਾਂ ਪਹਿਲੀਆਂ ਸਰਕਾਰਾਂ ਨੇ ਹੀ ਨਹੀਂ ਛੱਡੀ ਸੀ ਪਰ ਅਧਿਆਪਕਾ ਦੀ ਘਾਟ ਨਾ ਤਾਂ ਪਹਿਲੀਆਂ ਸਰਕਾਰਾਂ ਤੋਂ ਕਦੇ ਪੂਰੀ ਹੋਈ ਸੀ ਤੇ ਮੌਜੂਦਾ ਸਰਕਾਰ ਵੇਲੇ ਤਾਂ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਹਨ, ਸਰਕਾਰ ਦਾ ਇੱਕੋ ਉਦੇਸ਼ ਹੈ ਕਿ ਲੋਕਾਂ ਦਾ ਸਰਕਾਰੀ ਸਿੱਖਿਆ ਤੰਤਰ ਤੋਂ ਮੋਹ ਭੰਗ ਕਰਕੇ ਨਿੱਜੀ ਸਿੱਖਿਆ ਤੰਤਰ ਨੂੰ ਉਤਸ਼ਾਹਿਤ ਕੀਤਾ ਜਾਵੇ।
--ਸਕੂਲ ਮੁਖੀਆਂ ਨੂੰ ਦਿੱਤੀ ਵਿਦੇਸ਼ਾਂ ’ਚੋਂ ਸਿਖਲਾਈ ਜ਼ਮੀਨੀ ਪੱਧਰ ਉੱਤੇ ਨਹੀਂ
ਸਾਬਕਾ ਪ੍ਰਿੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਅਨੁਸਾਰ ਇਹ ਸੱਚ ਵੀ ਹੈ ਕਿ ਅਧਿਆਪਕਾਂ ਨੂੰ ਫਿਨਲੈਂਡ ਤੇ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਤੋਂ ਗਲੋਬਲ ਸਿੱਖਿਆ ਦੇ ਹਾਣੀ ਬਨਾਉਣ ਦਾ ਯਤਨ ਕੀਤਾ ਹੈ ਪਰ ਪੰਜਾਬ ਵਿੱਚ ਇਕ ਵੀ ਜ਼ਿਲ੍ਹੇ ਦੇ ਪ੍ਰਾਇਮਰੀ ਤੇ ਸੈਕੰਡਰੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਦੇਸ਼ਾਂ ਤੋਂ ਸਿਖਲਾਈ ਲੈ ਕੇ ਆਏ ਅਧਿਆਪਕਾਂ ਜਾਂ ਸਕੂਲ ਮੁਖੀਆਂ ਦੀ ਅਗਵਾਈ ’ਚ ਬਲਾਕ ਪੱਧਰੀ ਸੈਮੀਨਾਰ ਵੀ ਨਹੀਂ ਕਰਵਾਏ ਗਏ, ਤਾਂ ਕਿ ਵਿਦੇਸ਼ਾਂ ’ਚੋਂ ਸਿਖਲਾਈ ਲੈ ਕੇ ਆਏ ਅਧਿਆਪਕਾਂ ਦੇ ਅਨੁਭਵਾਂ ਦਾ ਲਾਭ ਉਠਾਇਆ ਜਾ ਸਕੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਜ਼ਮੀਨੀ ਪੱਧਰ ਉੱਤੇ ਕੀ ਭੂਮਿਕਾ ਹੋਵੇਗੀ?
--ਕੰਪਿਊਟਰ ਅਧਿਆਪਕਾਂ ਤੋਂ ਬਿਨਾਂ ਏਆਈ ਦੀ ਸਿੱਖਿਆ ਅਸੰਭਵ : ਮੋਮੀ
ਕੰਪਿਊਟਰ ਫੈਕਲਟੀ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਅਰੁਣਦੀਪ ਸਿੰਘ ਮੋਮੀ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਪੰਜਾਬ ਸਰਕਾਰ ਏਆਈ ਵਿਸ਼ੇ ਨੂੰ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੋਵੇ, ਉੱਥੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਹੋਣ ਦੇ ਬਾਵਜੂਦ ਵੀ ਬੇਸਿਕ-ਪੇ ਹੀ ਮਿਲਦੀ ਹੋਵੇ, ਡੀਏ ਬੰਦ ਕੀਤਾ ਗਿਆ ਹੋਵੇ, ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਰੈਗੂਲਰ ਅਧਿਆਪਕਾਂ ਵਾਂਗੂ ਕੋਈ ਸਹੂਲਤ ਨਾ ਮਿਲਦੀ ਹੋਵੇ, ਸਰਕਾਰ ਵਾਅਦੇ ਕਰਕੇ ਵੀ ਪੂਰਾ ਨਾ ਕਰ ਰਹੀ ਹੋਵੇ, ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫ਼ਰਕ ਹੋਵੇ, ਅਧਿਆਪਕ ਵਰਗ ਨੂੰ ਬਣਦਾ ਸਨਮਾਨ ਤੇ ਨਿਆਂ ਨਾ ਮਿਲਦਾ ਹੋਵੇ ਤਾਂ ਵਿਦਿਆਰਥੀਆਂ ਵਰਗ ਨੂੰ ਅਧੁਨਿਕ ਸਿੱਖਿਆ ਦਾ ਹਾਣੀ ਬਨਾਉਣ ਦਾ ਸੁਪਨਾ ਵੀ ਕਿਵੇਂ ਲਿਆ ਜਾ ਸਕਦਾ ਹੈ?