- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਦੇ 23 ਸਾਲਾ ਨੌਜਵਾਨ ਦਾ ਪੁਲਿਸ ਵੱਲੋਂ ਜਬਰੀ ਸੰਸਕਾਰ ਕੀਤੇ ਜਾਣ ਦੀ ਘਟਨਾ ਇਨਸਾਨੀਅਤ ਦਾ ਕਤਲ-ਨਰੇਸ਼ ਭਾਰਦਵਾਜ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਬਲਾਕ ਦੇ ਸਮੂਹ ਕਾਂਗਰਸੀ ਆਗੂਆਂ ਦੀ ਅੱਜ ਇੱਕ ਮੀਟਿੰਗ ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਾਰਟੀ ਦਾ ਵਿਸਥਾਰ ਕਰਦਿਆਂ ਮੇਹਨਤੀ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਬਲਦੇਵ ਸਿੰਘ ਪਾਹਵਾ ਨੂੰ ਬਲਾਕ ਕਾਂਗਰਸ ਦਾ ਸ਼ਹਿਰੀ ਜਰਨਲ ਸਕੱਤਰ, ਦਰਸ਼ਨ ਸਿੰਘ ਨੂੰ ਸਕੱਤਰ, ਹਰਸ਼ ਸ਼ਰਮਾ ਨੂੰ ਸੱਕਤਰ, ਬਲਵਿੰਦਰ ਬੋਬੀ ਨੂੰ ਸਕੱਤਰ, ਨਰਿੰਦਰ ਸਿੰਘ ਬੰਟੀ ਚਾਨਾ ਨੂੰ ਸਕੱਤਰ ਨਿਯੁਕਤ ਕਰਦਿਆਂ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਕੌਂਸ਼ਲਰ ਮੁਨੀਸ਼ ਪ੍ਰਭਰਕ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਤੇ ਸੰਜੀਵ ਸ਼ਰਮਾ ਬੁਗਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਨੇ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦਾ ਪੁਲਿਸ ਵੱਲੋਂ ਜਬਰੀ ਸੰਸਕਾਰ ਕੀਤੇ ਜਾਣ ਦੇ ਮਾਮਲੇ ਦੀ ਨਿੰਦਾ ਕਰਦਿਆਂ ਮ੍ਰਿਤਕ ਨੌਜਵਾਨ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਨਰੇਸ਼ ਭਾਰਦਵਾਜ ਨੇ ਮੀਟਿੰਗ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ ਵਰਕਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਬੂਥ ਹੀ ਸੰਗਠਨ ਦੀ ਅਸਲ ਤਾਕਤ ਹੈ। ਇਸ ਮੌਕੇ ਨਰੇਸ਼ ਭਾਰਦਵਾਜ ਨੇ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦਾ ਪੁਲਿਸ ਵੱਲੋਂ ਜਬਰੀ ਸੰਸਕਾਰ ਕੀਤੇ ਜਾਣ ’ਤੇ ਪੰਜਾਬ ਪੁਲਿਸ ਤੇ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਇਨਸਾਨੀਅਤ ਦਾ ਕਤਲ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨਮਦੀਪ ਸਿੰਘ ਨੇ ਕਥਿਤ ਤੌਰ ’ਤੇ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮੋਰਚਰੀ ਦੇ ਬਾਹਰ ਧਰਨੇ ’ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨਸਾਫ਼ ਮੰਗ ਰਹੇ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਉਭਾਵਾਲ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਨੌਜਵਾਨ ਦੀ ਮ੍ਰਿਤਕ ਦੇਹ ਦਾ ਧੱਕੇ ਨਾਲ ਅੰਤਿਮ ਸਸਕਾਰ ਕਰ ਦਿੱਤਾ। ਨਰੇਸ਼ ਭਾਰਦਵਾਜ ਨੇ ਇਸ ਘਟਨਾ ਨੂੰ ਮਨੁੱਖੀ ਮਰਿਆਦਾ ਤੇ ਇਨਸਾਫ਼ ਤੇ ਜ਼ੋਰਦਾਰ ਹਮਲਾ ਦੱਸਿਆ। ਉਨ੍ਹਾਂ ਸਵਾਲ ਚੁੱਕਿਆ ਕਿ ਇੱਕ ਦੁਖੀ ਪਰਿਵਾਰ ਨੂੰ ਆਪਣੇ ਪੁੱਤ ਦਾ ਸਸਕਾਰ ਸਨਮਾਨ ਨਾਲ ਕਰਨ ਦੇ ਹੱਕ ਤੋਂ ਕਿਉਂ ਵਾਂਝਾ ਕੀਤਾ ਗਿਆ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਦੀ ਮਾਨ ਸਰਕਾਰ ’ਤੇ ਲੋਕ ਰੋਹ ਨੂੰ ਦਬਾਉਣ ਲਈ ਪੁਲਿਸ ਜਬਰ ਦਾ ਸਹਾਰਾ ਲੈਣ ਦੇ ਦੋਸ਼ ਲਾਏ। ਇਸ ਮੌਕੇ ਹਨੀ ਧਾਲੀਵਾਲ, ਮੁਕੇਸ਼ ਭਾਟੀਆ, ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।