ਫੂਡ ਸੇਫਟੀ ਵਿੰਗ ਨੇ ਛੇ ਸੈਂਪਲ ਭਰੇ ਫੂਡ ਸੇਫਟੀ ਵਿੰਗ ਨੇ ਛੇ ਸੈਂਪਲ ਭਰੇ
Publish Date: Wed, 30 Sep 2026 08:15 PM (IST)
Updated Date: Wed, 30 Sep 2026 08:18 PM (IST)
ਪੰਜ ਮਸਾਲਿਆਂ ਅਤੇ ਇਕ ਦੁੱਧ ਦਾ ਸੈਂਪਲ ਸ਼ਾਮਲ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿੰਗ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਦੀ ਅਗਵਾਈ ਹੇਠ ਟੀਮ ਵੱਲੋਂ ਢਿੱਲਵਾਂ ਅਤੇ ਪਿੰਡ ਮਿਆਣੀ ਬਾਕਰਪੁਰ ’ਚ ਕਰਿਆਨੇ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਮਸਾਲਿਆਂ ਦੇ ਪੰਜ ਸੈਂਪਲ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਪੀਸੀ ਹੋਈ ਲਾਲ ਮਿਰਚ, ਜ਼ੀਰਾ ਅਤੇ ਗਰਮ ਮਸਾਲਾ ਸ਼ਾਮਲ ਹਨ। ਇਨ੍ਹਾਂ ਸੈਂਪਲਾਂ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਨਿਰਧਾਰਤ ਫੂਡ ਸੇਫ਼ਟੀ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦੁੱਧ ਦਾ ਇਕ ਸੈਂਪਲ ਵੀ ਇਕੱਤਰ ਕਰਕੇ ਜਾਂਚ ਲਈ ਭੇਜਿਆ ਗਿਆ। ਟੀਮ ਵੱਲੋਂ ਫੂਡ ਬਿਜ਼ਨਸ ਅਦਾਰਿਆਂ ਵਿੱਚ ਸਫ਼ਾਈ ਅਤੇ ਹਾਈਜੀਨ, ਖਾਣ-ਪੀਣ ਵਾਲੀਆਂ ਵਸਤਾਂ ਦੀ ਸਟੋਰੇਜ, ਕੱਚੇ ਮਾਲ ਦੀ ਗੁਣਵੱਤਾ, ਪੈਕਿੰਗ, ਲੇਬਲਿੰਗ, ਮਿਆਦ ਪੁੱਗਣ ਦੀ ਤਾਰੀਖ ਅਤੇ ਹੋਰ ਫੂਡ ਸੇਫ਼ਟੀ ਮਾਪਦੰਡਾਂ ਦੀ ਪਾਲਣਾ ਸਬੰਧੀ ਵੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਜ਼ ਅਤੇ ਗੁੱਡ ਹਾਈਜੀਨ ਪ੍ਰੈਕਟਿਸਜ਼ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਤੋਂ ਹੀ ਕੱਚਾ ਮਾਲ ਖਰੀਦਣ ਅਤੇ ਸਾਰੀਆਂ ਖਰੀਦਾਂ ਦੇ ਉਚਿਤ ਬਿੱਲ ਤੇ ਰਿਕਾਰਡ ਸੰਭਾਲ ਕੇ ਰੱਖਣ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਕੱਚੀਆਂ ਅਤੇ ਤਿਆਰ-ਖਾਣ ਵਾਲੀਆਂ ਵਸਤਾਂ ਨੂੰ ਗੰਦਗੀ ਜਾਂ ਦੂਸ਼ਣ ਤੋਂ ਬਚਾਉਣ ਲਈ ਉਨ੍ਹਾਂ ਦੀ ਢੁਕਵੀਂ ਸਟੋਰੇਜ ਅਤੇ ਵੱਖ-ਵੱਖ ਰੱਖਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੂੰ ਆਪਣੇ ਕਾਰੋਬਾਰ ਦੀ ਕਿਸਮ ਅਤੇ ਲਾਗੂ ਨਿਯਮਾਂ ਅਨੁਸਾਰ ਲੋੜ ਮੁਤਾਬਕ ਐੱਫ.ਐੱਸ.ਐੱਸ.ਏ.ਆਈ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਨ੍ਹਾਂ ਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੈਧ ਹੋਵੇ ਅਤੇ ਕਾਰੋਬਾਰੀ ਸਥਾਨ ’ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੋਵੇ। ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।