ਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਪਹਿਲੀ ਲੜੀ ਦੇ ਪਾਠਾਂ ਦੇ ਪਾਏ ਭੋਗ ਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਪਹਿਲੀ ਲੜੀ ਦੇ ਪਾਠਾਂ ਦੇ ਪਾਏ ਭੋਗ
Publish Date: Thu, 23 Jul 2026 10:42 PM (IST)
Updated Date: Thu, 23 Jul 2026 10:43 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ 5 ਰੋਜ਼ਾ ਗੁਰਮਿਤ ਸਮਾਗਮ ਦੇ ਤਹਿਤ ਅੱਜ 21 ਜੁਲਾਈ ਦਿਨ ਮੰਗਲਵਾਰ ਨੂੰ ਰੱਖੇ ਗਏ 13 ਸ੍ਰੀ ਅਖੰਡ ਪਾਠ ਸਾਹਿਬ ਜੀ (ਪਹਿਲੀ ਲੜੀ) ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸੰਤ ਬਾਬਾ ਅਮਰੀਕ ਸਿੰਘ ਜੀ ਨੇ ਸਾਉਣ ਮਹੀਨੇ ਦੀ ਕਥਾ ਕਰਦਿਆਂ ਕਿਹਾ ਕਿ ਇਸ ਪਵਿੱਤਰ ਮਹੀਨੇ ਦੀ ਮੁੱਖ ਸਿੱਖਿਆ ਇਹ ਹੈ ਕਿ ਜਿਵੇਂ ਸਾਉਣ ਵਿੱਚ ਵਰਖਾ ਨਾਲ ਧਰਤੀ ਹਰੀ-ਭਰੀ ਹੋ ਜਾਂਦੀ ਹੈ, ਤਿਵੇਂ ਹੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਵਿਕਾਰਾਂ ਤੋਂ ਮੁਕਤ ਹੋ ਕੇ ਖਿੜ ਜਾਂਦਾ ਹੈ ਤੇ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਦੇ ਸ਼ਬਦ ਦਾ ਮੁੱਖ ਉਪਦੇਸ਼ ਪ੍ਰੇਮ ਦੀ ਭਾਵਨਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜੋ ਜੀਵ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਉਂਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਵੱਲੋਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ, ਇਸ ਲਈ ਵਾਤਾਵਰਣ ਦੀ ਸੁਰੱਖਿਆ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਦੀ ਸੰਭਾਲ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ, ਪਾਣੀ ਦੀ ਸੰਭਾਲ ਤੇ ਪਲਾਸਟਿਕ ਦੀ ਵਰਤੋਂ ਘਟਾਉਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੀ ਲੜੀ ਦੇ ਭੋਗ ਪਾਉਣ ਉਪਰੰਤ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ 25 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ 10 ਵਜੇ ਤੋਂ ਸ਼ਾਮ 5 ਵਜੇ ਤੱਕ ਭਾਰੀ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਦੌਰਾਨ ਵੱਖ-ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਗੁਰਬਾਣੀ ਕੀਰਤਨ, ਕਥਾ ਤੇ ਇਤਿਹਾਸ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਲਈ ਸਾਉਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਮਾਲ ਪੂੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਪਰਿਵਾਰਾਂ ਸਮੇਤ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।