9 ਜ਼ਿਲ੍ਹਿਆਂ ’ਚ ਝੋਨੇ ਦੀ ਲਵਾਈ ਦਾ ਅੱਜ ਆਖਰੀ ਪੜਾਅ ਸ਼ੁਰੂ
9 ਜਿਲਿਆਂ ਵਿੱਚ ਝੋਨੇ ਦੀ ਲਵਾਈ ਦਾ ਅੱਜ ਆਖਰੀ ਪੜਾਅ ਸ਼ੁਰੂ
Publish Date: Tue, 09 Jun 2026 08:39 PM (IST)
Updated Date: Tue, 09 Jun 2026 08:41 PM (IST)

ਬਿਜਲੀ ਦੀ ਮੰਗ ਵਧੀ, ਬਿਜਲੀ ਬੋਰਡ ਦੇ ਲੋਡ ’ਚ ਹੋਵੇਗਾ ਵਾਧਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੂਬੇ ਵਿਚ ਝੋਨੇ ਦੀ ਲਵਾਈ ਦਾ ਅੱਜ ਆਖਰੀ ਗੇੜ ਸ਼ੁਰੂ ਹੋਣ ’ਤੇ 9 ਜ਼ਿਲ੍ਹਿਆਂ ਦੇ ਕਿਸਾਨ ਆਪਣੀ ਝੋਨੇ ਦੀ ਲਵਾਈ ਸ਼ੁਰੂ ਕਰਨਗੇ, ਜਿਸ ਨਾਲ ਪਾਵਰਕਾਮ ਵੱਲੋਂ 8 ਘੰਟੇ ਲਗਾਤਾਰ ਬਿਜਲੀ ਦੇਣ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ। ਬਿਜਲੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਿਚ ਇਕਦਮ ਵਾਧਾ ਹੋਵੇਗਾ ਕਿਉਂਕਿ ਇਸ ਦੇ ਨਾਲ ਬਿਜਲੀ ਲੋਡ ਵਿਚ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤਿੰਨ ਪੜਾਵਾਂ ਤਹਿਤ ਝੋਨੇ ਦੀ ਲਵਾਈ ਦਾ ਸ਼ਡਿਊਲ ਤੈਅ ਕੀਤਾ ਹੋਇਆ ਹੈ। ਤੀਜੇ ਪੜਾਅ ਤਹਿਤ ਕਪੂਰਥਲਾ, ਜਲੰਧਰ, ਮੋਗਾ, ਨਵਾਂ ਸ਼ਹਿਰ, ਲੁਧਿਆਣਾ, ਮਾਨਸਾ, ਪਟਿਆਲਾ, ਬਰਨਾਲਾ, ਸੰਗਰੂਰ ਦੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਆਪਣੇ ਖੇਤਾਂ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜ਼ਦੂਰ ਵੀ ਪੰਜਾਬ ਪੁੱਜ ਰਹੇ ਹਨ ਭਾਵੇਂ ਕਿ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪ੍ਰਵਾਸੀ ਲੇਬਰ ਦੀ ਪਿਛਲੇ ਸਾਲਾਂ ਤੋਂ ਘੱਟ ਆਮਦ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਝੋਨੇ ਦੀ ਲਵਾਈ ਲਈ ਪਾਵਰਕਾਮ ਵੱਲੋਂ 1 ਜੂਨ ਤੋਂ ਪੰਜਾਬ ਦੇ 9 ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਸ਼ੁਰੂ ਕੀਤੀ ਸੀ ਇਸ ਸਪਲਾਈ ਦੌਰਾਨ ਪਾਵਰਕਾਮ ਤੇ ਬਹੁਤ ਵੱਡਾ ਲੋਡ ਨਹੀਂ ਪਿਆ ਸੀ। ਇਸ ਤੋਂ ਬਾਅਦ ਦੂਜੇ ਪੜਾਅ ਤਹਿਤ 5 ਜੂਨ ਤੋਂ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲੇ ਦੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਸੀ। ਪੂਰੇ ਪੰਜਾਬ ਵਿਚ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ 16 ਲੱਖ ਟਿਊਬਵੈਲ (ਮੱਛੀ ਮੋਟਰਾਂ) ਧਰਤੀ ’ਚੋਂ ਪਾਣੀ ਨੂੰ ਬਾਹਰ ਕੱਢਣਗੇ। ਬਿਜਲੀ ਦੀ ਮੰਗ 14 ਹਜਾਰ ਮੈਗਾਵਾਟ ਨੇੜੇ ਪੁੱਜੀ- ਉਧਰ ਅੱਜ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿਚ ਵੀ ਵਾਧਾ ਹੋਇਆ ਹੈ ਤੇ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਅਗਲੇ ਦਿਨਾਂ ਵਿਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਸਕਦੀ ਹੈ। ਪਾਵਰਕਾਮ ਦੇ 15 ਯੂਨਿਟਾਂ ਵਿਚ 13 ਯੂਨਿਟ ਪੂਰੀ ਰਫਤਾਰ ਨਾਲ ਚੱਲ ਰਹੇ ਹਨ। ਸਰਕਾਰੀ ਥਰਮਲ ਪਲਾਂਟ ਰੋਪੜ, ਲਹਿਰਾ ਮੁਹੱਬਤ ਤੇ ਸ੍ਰੀ ਗੋਇੰਦਵਾਲ ਸਾਹਿਬ ਦੇ 10 ਯੂਨਿਟਾਂ ਵਿਚੋਂ 8 ਯੂਨਿਟ ਚੱਲ ਰਹੇ ਹਨ। ਸਰਕਾਰੀ ਥਰਮਲਾਂ ਦੇ ਚੱਲ ਰਹੇ 8 ਯੂਨਿਟਾਂ ਵੱਲੋਂ 1598 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਸਾਰੇ 5 ਯੂਨਿਟ ਭਖੇ ਹੋਏ ਹਨ। ਇਨ੍ਹਾਂ ਵਿਚੋਂ 2200 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਈਡਲ ਪ੍ਰੋਜੈਕਟ ਤੋਂ 985 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।