- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮਗਿਆਨੀ ਸੰਤ ਬਾਬਾ ਬੂਟਾ ਦਾਸ ਜੀ ਭਰਮਤੋੜ ਮਹਾਰਾਜ ਉੱਗੀ ਵਾਲਿਆਂ ਦੀ ਯਾਦ ’ਚ ਪੰਜਵੀਂ ਮਹਾਨ ਬਰਸੀ ਮਨਾਈ

ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਸੰਤ ਬਾਬਾ ਬੂਟਾ ਦਾਸ ਜੀ ਭਰਮਤੋੜ ਉਦਾਸੀ ਸੰਪਰਦਾਇ ਵੈੱਲਫੇਅਰ ਸੋਸਾਇਟੀ ਰਜਿ. ਵੱਲੋ ਸੰਤ ਬਾਬਾ ਚਰਨਦਾਸ ਮਹਾਰਾਜ ਨੂਰਪੁਰ ਵਾਲੇ (ਮੌਜੂਦਾ ਗੱਦੀ ਨਸ਼ੀਨ) ਵੱਲੋ ਬ੍ਰਹਮਗਿਆਨੀ ਸੰਤ ਬਾਬਾ ਬੂਟਾ ਦਾਸ ਜੀ ਭਰਮਤੋੜ ਮਹਾਰਾਜ ਉੱਗੀ ਵਾਲਿਆਂ ਦੀ ਯਾਦ ਵਿੱਚ ਪੰਜਵੀਂ ਮਹਾਨ ਬਰਸੀ ਪਿੰਡ ਨੂਰਪੁਰ ਦੋਨਾਂ ਜ਼ਿਲ੍ਹਾ ਕਪੂਰਥਲਾ ਵਿਖੇ ਪਿੰਡ ਵਾਸੀਆਂ ਤੇ ਐੱਨਆਰਆਈਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਬਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਘਾਰੂ ਨੇ ਦੱਸਿਆ ਕਿ ਸਮਾਗਮ ਮੌਕੇ ਸੰਤ ਦਰਸ਼ਨ ਦਾਸ ਜੀ ਟਾਂਗਰੇ ਵਾਲੇ, ਸੰਤ ਪ੍ਰਗਟ ਨਾਥ ਜੀ ਉੱਗੀ ਵਾਲੇ ਜਲੰਧਰ ਤੇ ਸੰਤ ਗਿਰਧਾਰੀ ਨਾਥ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਬਰਸੀ ਮੌਕੇ ਪਹਿਲੇ ਦਿਨ ਸ੍ਰੀ ਰਾਮਾਇਣ ਸਾਹਿਬ ਜੀ ਦੇ ਆਖੰਡ ਜਾਪ ਆਰੰਭ ਕੀਤਾ ਗਿਆ। ਦੂਜੇ ਦਿਨ ਲੋੜਵੰਦ 7 ਧੀਆਂ ਦੇ ਆਨੰਦ ਕਾਰਜ ਸਮਾਰੋਹ ਕਰਵਾਏ ਗਏ। ਇਸ ਦੌਰਾਨ ਕਈ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਵੇਂ ਜੋੜਿਆਂ ਨੂੰ ਉਨ੍ਹਾਂ ਦੀ ਲੋੜ੍ਹ ਅਨੁਸਾਰ ਘਰੇਲੂ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਇਸ ਦੌਰਾਨ ਹਾਜ਼ਰ ਸੰਤ-ਮਹਾਪੁਰਸ਼ਾਂ ਤੇ ਹੋਰ ਸ਼ਖਸੀਅਤਾਂ ਵੱਲੋ ਨਵੇਂ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਸਮਾਗਮ ਦੇ ਤੀਜੇ ਦਿਨ ਸ੍ਰੀ ਰਾਮਾਇਣ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਤੋਂ ਬਾਅਦ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਵੱਖ-ਵੱਖ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਧਾਨ ਗੁਰਦੇਵ ਸਿੰਘ ਘਾਰੂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਸਹਿਯੋਗ ਦੇਣਾ ਚਾਹਿੰਦਾ ਹੈ। ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਨਾਲ ਸਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਤੇ ਪਰਿਵਾਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਇਸ ਦੌਰਾਨ ਲੰਗਰ ਵੀ ਲਗਾਏ ਗਏ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਘਾਰੂ, ਜਰਨਲ ਸੈਕੇਟਰੀ ਦਲਜੀਤ ਯੂਕੇ, ਗੁਰਨਾਮ ਦਾਸ ਮੀਤ ਪ੍ਰਧਾਨ, ਕਰਨ ਘਾਰੂ ਮੈਂਬਰ, ਰਾਜਵੀਰ ਸ਼ੇਰਗਿਲ ਸੈਕਟਰੀ, ਮੰਗਾ ਨਾਹਰ ਮੈਂਬਰ, ਸੁਰਿੰਦਰ ਪੱਤੜ, ਅਮਨੀ ਮੱਟੂ, ਮਨਦੀਪ ਮੱਟੂ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।