ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
Publish Date: Sun, 18 Oct 2026 09:07 PM (IST)
Updated Date: Sun, 18 Oct 2026 09:09 PM (IST)
ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਸਿੱਧਵਾਂ ਦੋਨਾ : ਮੀਤ ਪ੍ਰਧਾਨ ਮਨਜੀਤ ਸਿੰਘ ਮਨੀਲਾ ਤੇ ਚੇਅਰਮੈਨ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੀ ਨਿਗਰਾਨੀ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਦੁਸਹਿਰੇ ਨਾਲ ਡਰਾਇੰਗ, ਪੇਂਟਿੰਗ ਤੇ ਰਾਵਣ ਦੇ ਪੁਤਲੇ ਬਣਾਏ ਗਏ ਤੇ ਪੁਤਲੇ ਜਲਾਏ ਗਏ। ਅਕੈਡਮੀ ਦੇ ਚੇਅਰਮੈਨ ਨਿਰਮਲ ਸਿੰਘ ਦੁਆਰਾ ਸਮੂਹ ਸਟਾਫ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਆਖਿਆ ਕਿ ਦੁਸਹਿਰਾ ਪੂਰੇ ਭਾਰਤ ਵਿੱਚ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਹ ਅੱਸੂ ਮਹੀਨੇ ਦੇ ਸ਼ੁੱਭ ਅੱਧ ਦੇ ਦਸਵੇਂ ਦਿਨ, ਨਵਰਾਤਰੀ ਦੀਆਂ ਨੌਂ ਰਾਤਾਂ ਤੋਂ ਠੀਕ ਬਾਅਦ ਆਉਂਦਾ ਹੈ। ਦੁਸਹਿਰਾ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ, ਜਿਸਦਾ ਅਰਥ ਹੈ ਦਸ ਬੁਰੀਆਂ ਚੀਜ਼ਾਂ ਨੂੰ ਦੂਰ ਕਰਨਾ, ਜੋ ਦਸ ਸਿਰਾਂ ਵਾਲੇ ਰਾਜਾ, ਰਾਵਣ ਦੀ ਹਾਰ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਦੋ ਮਸ਼ਹੂਰ ਕਹਾਣੀਆਂ ਦੱਸਦਾ ਹੈ। ਪਹਿਲਾ, ਇਹ ਭਗਵਾਨ ਰਾਮ ਦੁਆਰਾ ਰਾਵਣ ਉੱਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ ਤਾਂ ਜੋ ਮਾਤਾ ਸੀਤਾ ਨੂੰ ਬਚਾਇਆ ਜਾ ਸਕੇ। ਦੂਜਾ, ਸਾਡੇ ਦੇਸ਼ ਦੇ ਕਈ ਹਿੱਸਿਆਂ ਵਿੱਚ, ਇਹ ਦੇਵੀ ਦੁਰਗਾ ਦੀ ਮਹਿਸ਼ਾਸੁਰ ਉੱਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਦੱਸਿਆ ਕਿ ਦੁਸਹਿਰਾ ਸਿਰਫ਼ ਆਤਿਸ਼ਬਾਜ਼ੀ ਤੇ ਮੇਲਿਆਂ ਦਾ ਤਮਾਸ਼ਾ ਹੀ ਨਹੀਂ, ਸਗੋਂ ਇਹ ਇੱਕ ਡੂੰਘਾ ਨਿੱਜੀ ਸਬਕ ਵੀ ਦਿੰਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵੇਂ ਅਨਿਆਂ ਜਾਂ ਬੇਈਮਾਨੀ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਜਾਪੇ, ਅੰਤ ਵਿੱਚ ਸੱਚ, ਹਿੰਮਤ ਤੇ ਧਰਮ ਦੀ ਹੀ ਜਿੱਤ ਹੁੰਦੀ ਹੈ। ਰਾਵਣ ਦੇ ਬਾਹਰੀ ਪੁਤਲੇ ਨੂੰ ਸਾੜਨਾ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਆਪਣੇ ਅੰਦਰਲੀਆਂ ਬੁਰੀਆਂ ਆਦਤਾਂ, ਗੁੱਸੇ ਤੇ ਹੰਕਾਰ ਨੂੰ ਖਤਮ ਕਰੀਏ ਤੇ ਇਸ ਦੀ ਬਜਾਏ ਦਿਆਲਤਾ ਤੇ ਇਮਾਨਦਾਰੀ ਨੂੰ ਅਪਣਾਈਏ। ਇਸ ਮੌਕੇ ਜਸਮੀਨ ਕੌਰ, ਨੇਹਾ, ਅਮਨਦੀਪ, ਗੁਰਪ੍ਰੀਤ, ਅਮਨਪ੍ਰੀਤ, ਰਮਨਪ੍ਰੀਤ ਕੌਰ, ਹਰਮਨ, ਦਲਜੀਤ ਕੌਰ, ਨਵਪ੍ਰੀਤ ਕੌਰ, ਮਾਸਟਰ ਹਰਮੀਤ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।