ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਖਿਲਾਫ਼ ਕਾਰਵਾਈ ਤੇਜ਼ ਕੀਤੀ ਆਬਕਾਰੀ ਵਿਭਾਗ ਨੇ ਕਪੂਰਥਲਾ ਵਿੱਚ ਨਜਾਇਜ਼ ਸ਼ਰਾਬ ਖਿਲਾਫ਼ ਕਾਰਵਾਈ ਤੇਜ਼ ਕੀਤੀ
Publish Date: Mon, 21 Sep 2026 09:43 PM (IST)
Updated Date: Mon, 21 Sep 2026 09:44 PM (IST)
--ਭੁਲੱਥ-ਭੋਗਪੁਰ ਤੇ ਭੁਲੱਥ-ਕਰਤਾਰਪੁਰ ਸੜਕਾਂ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੁਖਪਾਲ ਹੁੰਦਲ\ਸੁਖਜਿੰਦਰ ਮੁਲਤਾਨੀ, ਪੰਜਾਬੀ ਜਾਗਰਣ ਕਪੂਰਥਲਾ\ਭੁਲੱਥ : ਪੰਜਾਬ ਦੇ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਤੇ, ਕਪੂਰਥਲਾ ਵਿੱਚ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਭਾਗ ਵੱਲੋਂ ਭੁਲੱਥ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਢੋਆ-ਢੁਆਈ ਤੇ ਆਵਾਜਾਈ ਨੂੰ ਰੋਕਣ ਲਈ ਵਿਸ਼ੇਸ਼ ਇਨਫੋਰਸਮੈਂਟ (ਚੈਕਿੰਗ) ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸ਼ਹਿਰ ਵਿੱਚ ਨਜਾਇਜ਼ ਸ਼ਰਾਬ ਲਿਆਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਤੇ ਸਖ਼ਤ ਨਜ਼ਰ ਰੱਖਣ ਲਈ ਭੁਲੱਥ-ਭੋਗਪੁਰ ਰੋਡ ਅਤੇ ਭੁਲੱਥ-ਕਰਤਾਰਪੁਰ ਰੋਡ ਤੇ ਚੈਕਿੰਗ ਨਾਕੇ ਲਗਾਏ ਗਏ। ਇਹ ਚੈਕਿੰਗ ਮੁਹਿੰਮ ਏਸੀ (ਆਬਕਾਰੀ) ਕਪੂਰਥਲਾ ਰੇਂਜ ਤੇ ਆਬਕਾਰੀ ਅਫ਼ਸਰ, ਕਪੂਰਥਲਾ ਦੀ ਦੇਖ-ਰੇਖ ਹੇਠ ਫਗਵਾੜਾ ਸਰਕਲ ਦੇ ਆਬਕਾਰੀ ਇੰਸਪੈਕਟਰਾਂ ਜਤਿੰਦਰਪਾਲ ਸਿੰਘ ਤੇ ਸਿਮਰਨਪ੍ਰੀਤ ਸਿੰਘ ਵੱਲੋਂ ਆਬਕਾਰੀ ਪੁਲਿਸ ਦੇ ਨਾਲ ਮਿਲ ਕੇ ਚਲਾਈ ਗਈ। ਇਨਫੋਰਸਮੈਂਟ ਟੀਮਾਂ ਨੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਤੇ ਸ਼ੱਕੀ ਰੂਟਾਂ ਤੇ ਸਖ਼ਤ ਨਿਗਰਾਨੀ ਰੱਖੀ। ਫੀਲਡ ਸਟਾਫ ਨੂੰ ਸ਼ਰਾਬ ਦੀ ਗੈਰ-ਕਾਨੂੰਨੀ ਢੋਆ-ਢੁਆਈ, ਕਬਜ਼ੇ ਜਾਂ ਵਿਕਰੀ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਆਬਕਾਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ। ਨਜਾਇਜ਼ ਸ਼ਰਾਬ ਦੀ ਆਵਾਜਾਈ ਨੂੰ ਰੋਕਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਮੇਂ ਸਿਰ ਕਾਰਵਾਈ ਕਰਨ ਲਈ ਸੰਵੇਦਨਸ਼ੀਲ ਰੂਟਾਂ ਤੇ ਥਾਵਾਂ ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਜਾਇਜ਼ ਸ਼ਰਾਬ ਦੇ ਕੋਹੜ ਨੂੰ ਨੱਥ ਪਾਉਣ ਤੇ ਆਬਕਾਰੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਭਾਗ ਨੇ ਸ਼ਰਾਬ ਬਣਾਉਣ, ਢੋਆ-ਢੁਆਈ ਕਰਨ, ਆਪਣੇ ਕੋਲ ਰੱਖਣ ਤੇ ਵੇਚਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਨਿਗਰਾਨੀ ਤੇ ਚੈਕਿੰਗ ਤੇਜ਼ ਕਰ ਦਿੱਤੀ ਹੈ।