ਭਗਵਾਨ ਵਾਲਮੀਕਿ ਚੌਂਕ ਨੇੜਿਓ ਬਿਜਲੀ ਦਾ ਖੰਭਾ ਹਟਾਇਆ ਜਾਵੇ
ਭਗਵਾਨ ਵਾਲਮੀਕ ਚੌਂਕ ਨੇੜਿਓ ਬਿਜਲੀ ਦਾ ਖੰਭਾ ਹਟਾਇਆ ਜਾਵੇ : ਪਿਆਰਾ ਲਾਲ ਭੱਟੀ
Publish Date: Sat, 28 Nov 2026 09:18 PM (IST)
Updated Date: Sat, 28 Nov 2026 09:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਬਹੁਜਨ ਸਮਾਜ ਪਾਰਟੀ ਅੰਬੇਡਕਰ ਦੀ ਇੱਕ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕਿ ਚੌਂਕ ਸੁਲਤਾਨਪੁਰ ਲੋਧੀ ਵਿਖੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਦੀ ਅਗਵਾਈ ਹੇਠ ਹੋਈ. ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਸੁਲਤਾਨਪੁਰੀ, ਜਨਰਲ ਸਕੱਤਰ ਪੰਜਾਬ ਬਲਦੇਵ ਸਿੰਘ ਮਨਿਆਲਾ, ਨਿਰਮਲ ਬਿੱਲਾ ਗਿੱਲ ਪ੍ਰਧਾਨ ਦਾਣਾ ਮੰਡੀ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਆਦਿ ਸ਼ਾਮਲ ਹੋਏ। ਇਸ ਮੌਕੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਮੰਗ ਕੀਤੀ ਗਈ ਕਿ ਵਾਲਮੀਕਿ ਚੌਂਕ ਸੁਲਤਾਨਪੁਰ ਲੋਧੀ ਦੇ ਨਾਲ ਲੱਗੇ ਹੋਏ ਬਿਜਲੀ ਦੇ ਖੰਭੇ ਨੂੰ ਉਥੋਂ ਹਟਾਇਆ ਜਾਵੇ। ਆਗੂਆਂ ਨੇ ਕਿਹਾ ਕਿ ਬਿਜਲੀ ਦਾ ਉਕਤ ਖੰਭਾ ਭਗਵਾਨ ਵਾਲਮੀਕਿ ਚੌਕ ਦੀ ਸੁੰਦਰਤਾ ਤੇ ਪਵਿੱਤਰਤਾ ਨੂੰ ਭੰਗ ਕਰਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਚੌਂਕ ਦੇ ਆਲੇ-ਦੁਆਲੇ ਤੋਂ ਕਾਰਾਂ, ਗੱਡੀਆਂ ਤੇ ਰੇਹੜੀਆਂ ਵੀ ਪੱਕੇ ਤੌਰ ’ਤੇ ਹਟਾਈਆਂ ਜਾਣ। ਉਨ੍ਹਾਂ ਵਾਲਮੀਕਿ ਚੌਂਕ ਦੇ ਨਵੀਨੀਕਰਨ ਲਈ ਗਰਾਂਟ ਜਾਰੀ ਕਰਵਾਉਣ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਚੌਂਕ ਦੀ ਸੁੰਦਰਤਾ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਉਕਤ ਮੰਗਾਂ ਵੱਲ ਗੌਰ ਕੀਤਾ ਜਾਵੇ।